4000 ਪਾਊਂਡ 'ਚ ਵੇਚਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਫ਼ੌਜੀਆਂ ਵਲੋਂ ਕੀਤੀ ਲੁੱਟ ਦਾ ਮਾਮਲਾ ; ਰੋਜ਼ਾਨਾ ਸਪੋਕਸਮੈਨ ਦੇ ਹੱਥ ਲੱਗੇ ਅਹਿਮ ਦਸਤਾਵੇਜ਼

Guru Gobind Singh Ji Maharaj & Guru Granth Sahib Ji

ਅੰਮ੍ਰਿਤਸਰ : ਜੂਨ 1984 ਦੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੌਰਾਨ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਫ਼ੌਜੀਆਂ ਵਲੋ ਕੀਤੀ ਲੁੱਟ ਨੂੰ ਲੈ ਕੇ ਪਿਛਲੇ 35 ਸਾਲ ਤੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਲਗਭਗ ਸਾਰੇ ਹੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ  ਹਰ ਸਾਲ ਕਾਂਗਰਸ ਦੀਆਂ ਸਰਕਾਰਾਂ ਤੇ ਸਿਆਸੀ ਬੰਬ ਦਾਗਦੀਆਂ ਹਨ।  ਜੋ ਸੱਚ ਰੋਜ਼ਾਨਾ ਸਪੋਕਸਮੈਨ ਦੇ ਹੱਥ ਲਗਾ ਹੈ, ਉਸ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਤਖ਼ਤਾਂ ਦੇ ਜਥੇਦਾਰਾਂ ਅਤੇ ਅਕਾਲੀ ਆਗੂਆਂ ਦਾ ਚਿਹਰਾ ਬੇਨਾਕਾਬ ਕੀਤਾ ਹੈ, ਕਿਵੇਂ ਕੁੱਝ ਪ੍ਰਭਾਵਸ਼ਾਲੀ ਲੋਕਾਂ ਨੇ ਪੰਥ ਦੇ ਬੇਸ਼ਕੀਮਤੀ ਖ਼ਜ਼ਾਨੇ ਦਾ ਘਾਣ ਕੀਤਾ। ਨਿਜੀ ਮੁਫ਼ਾਦਾਂ ਲਈ ਇਨਾਂ ਲੋਕਾਂ ਨੇ  ਬੇਸ਼ਕੀਮਤੀ ਸਮਾਨ ਨੂੰ ਖ਼ੁਰਦ-ਬੁਰਦ ਕੀਤਾ ਅਤੇ  ਮਹਿੰਗੇ ਭਾਅ 'ਤੇ ਵੇਚਿਆ। 

ਜਾਣਕਾਰੀ ਮੁਤਾਬਕ 1984 ਤੋਂ ਬਾਅਦ ਅਕਾਲ ਤਖ਼ਤ ਦੇ ਬਣੇ ਇਕ ਜਥੇਦਾਰ ਨੇ ਇੰਗਲੈਡ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ 4000 ਪਾਊਂਡ ਵਿਚ ਵੇਚਿਆ। ਇਸੇ ਤਰਾਂਂ ਨਾਲ ਪੁਰਾਤਨ ਹੱਥ ਲਿਖਤ ਸਰੂਪ 12 ਕਰੋੜ ਰੁਪਏ ਵਿਚ ਅਮਰੀਕਾ ਵਿਚ ਵੇਚਣ ਦਾ ਕੀਰਤੀਮਾਨ ਸਥਾਪਤ ਕੀਤਾ ਜਾ ਚੁੱਕਾ ਹੈ। ਇਥੇ ਹੀ ਬਸ ਨਹੀਂ, ਭਗਤ ਸੂਰਦਾਸ ਦੁਆਰਾ ਰਚਿਤ ਭਾਗਵਤ ਪੂਰਾਣ ਨਾਮਕ ਗ੍ਰੰਥ ਵੀ ਧਾਰਮਕ ਸੌਦੇਬਾਜ਼ਾਂ ਦੀ ਭੇਂਟ ਚੜ੍ਹ ਚੁੱਕਾ ਹੈ। ਮਹਾਰਾਜਾ  ਰਣਜੀਤ ਸਿੰਘ ਦੀ ਇਕ ਇਤਿਹਾਸਕ ਪੇਂਟਿੰਗ ਨੂੰ ਮੁਰੰਮਤ ਦੇ ਨਾਂ 'ਤੇ ਪਹਿਲਾਂ ਵਿਦੇਸ਼ ਲੈ ਜਾਇਆ ਗਿਆ ਤੇ ਫਿਰ ਉਸ ਪੇਂਟਿੰਗ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। 

ਕੁੱਝ ਅਕਾਲੀ ਆਗੂਆਂ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਅਖੌਤੀ ਧਾਰਮਕ ਆਗੂਆਂ ਨੇ ਧਰਮ ਦੀ ਆੜ ਹੇਠ ਸਿੱਖਾਂ ਦੇ ਖ਼ਜ਼ਾਨੇ ਦੀ ਜਿਵੇਂ ਦੋ-ਦੋ ਹੱਥੀ ਲੁੱਟ ਕੀਤੀ ਹੈ, ਉਸ ਦੀ ਮਿਸਾਲ ਨਹੀਂ ਮਿਲਦੀ।  ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਜਿਸ ਦੀ ਕਦੇ ਸ਼੍ਰੋਮਣੀ ਕਮੇਟੀ ਵਿਚ ਤੂਤੀ ਬੋਲਦੀ ਸੀ, ਨੇ ਕੁੱਝ ਪੇਂਟਿੰਗਾਂ ਫ਼ੌਜ ਕੋਲੋਂ ਪ੍ਰਾਪਤ ਤਾਂ ਕੀਤੀਆਂ ਪਰ ਉਹ ਕਿਥੇ ਹਨ, ਕਿਸੇ ਨੂੰ ਨਹੀਂ ਪਤਾ, ਮੈਂਬਰ ਸਾਹਿਬ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਹਨ। 

ਇਸ ਮਾਮਲੇ ਵਿਚ ਸਰਕਾਰਾਂ ਦਾ ਰੋਲ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਰਾਜਨੀਤਕ ਆਗੂ ਸਿਆਸੀ ਜੁਮਲੇਬਾਜ਼ੀ ਕਰ ਕੇ ਮਾਮਲੇ ਦਾ ਹੱਲ ਕਰਨ ਦੀ ਬਜਾਏ ਮਾਮਲਾ ਹੋਰ ਉਲਝਾਉਣ ਵਿਚ ਮਸ਼ਰੂਫ਼ ਹਨ। ਕਦੇ ਵੀ ਕਿਸੇ ਨੇ ਇਸ ਸੰਵੇਦਨਸ਼ੀਲ ਮਾਮਲੇ 'ਤੇ ਗੰਭੀਰਤਾ ਨਾਲ ਕੰਮ ਕਰਨ ਦੇ ਯਤਨ ਹੀ ਨਹੀ ਕੀਤੇ। ਮਿਲੇ ਦਸਤਾਵੇਜ਼ਾਂ ਮੁਤਾਬਕ 7 ਜੂਨ ਨੂੰ ਫ਼ੌਜ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚੋਂ ਜੋ ਕੀਮਤੀ ਖ਼ਜ਼ਾਨਾ  ਲੈ ਗਈ ਸੀ, ਨੂੰ ਲਗਭਗ 7 ਕਿਸ਼ਤਾਂ ਵਿਚ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਰਕਾਰੀ ਏਜਸੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ।

ਰੋਜ਼ਾਨਾ ਸਪੋਕਸਮੈਨ ਦੇ ਹੱਥ ਲਗੇ ਦਸਤਾਵੇਜ਼ਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੂੰ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਲੈ ਜਾਏ ਗਏ ਸਮਾਨ ਦੀ ਪਹਿਲੀ ਕਿਸ਼ਤ 29 ਸਤੰਬਰ 1984 ਨੂੰ ਵਾਪਸ ਕੀਤੀ ਸੀ ਜਿਸ ਦੀ ਰਸੀਦ ਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਸਕੱਤਰ ਭਾਨ ਸਿੰੰਘ ਅਤੇ ਕਿਸੇ ਹੋਰ ਅਧਿਕਾਰੀ ਕੁਲਵੰਤ ਸਿੰਘ ਦੇ ਦਸਤਖ਼ਤ ਹਨ। ਇਸ ਰਸੀਦ ਰਾਹੀਂ ਫ਼ੌਜ ਨੇ ਸ਼੍ਰੋਮਣੀ ਕਮੇਟੀ ਨੂੰ 453 ਆਇਟਮਾਂ ਦਿਤੀਆਂ ਤੇ ਫ਼ੌਜ ਵਲੋ ਦਿਤੇ ਇਸ ਸਮਾਨ ਤੇ ਤਿੰਨ ਅਧਿਕਾਰੀਆਂ ਪੀਐਨ ਸਾਹਨੀ, ਆਰਪੀ ਨਾਇਰ ਅਤੇ ਐਸਐਸ ਢਿੱਲੋਂ ਦੇ ਦਸਤਖ਼ਤ ਹਨ। ਪਹਿਲੀ ਕਿਸ਼ਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰੀਬ 185 ਸਰੂਪ ਵਾਪਸ ਦਿਤੇ ਗਏ।

ਇਸ ਤੋਂ ਇਲਾਵਾ ਇਕ ਸਰੂਪ ਦਸਮ ਗ੍ਰੰਥ, ਭਗਤ ਮਾਲਾ ਭਾਈ ਮਨੀ ਸਿੰਘ ਦੀ ਲਿਖਤ, ਅਸਲ ਜਨਮ ਸਾਖੀ ਭਾਈ ਬਾਲੇ ਵਾਲੀ ਅਤੇ 26 ਹੱਥ ਲਿਖਤ ਹੁਕਮਨਾਮੇ ਵੀ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਸਲ ਹੁਕਮਨਾਮੇ ਮੁੜ ਕਿਸੇ ਦੀ ਨਜ਼ਰ ਵਿਚ ਨਹੀਂ ਆਏ, ਸਿਰਫ਼ ਫ਼ੋਟੋ ਕਾਪੀਆਂ ਹੀ ਵਿਖਾ ਕੇ ਬੁਤਾ ਸਾਰ ਲਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਤਕ ਕਰੀਬ 4000 ਕਿਤਾਬਾਂ ਸਿੱਖ ਰੈਫ਼ਰੈਂਸ ਲਾਇਬਰੇਰੀ ਤਕ ਪੁੱਜ ਚੁਕੀਆਂ ਸਨ। ਜਾਣਕਾਰ ਦਸਦੇ ਹਨ ਕਿ 31 ਦੇ ਕਰੀਬ ਪੇਂਟਿੰਗ ਵੀ ਗ਼ਾਇਬ ਹਨ।

ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਜ਼ਿੰਮੇਵਾਰ ਅਹੁਦੇ 'ਤੇ ਕੰਮ ਕਰ ਚੁੱਕੇ ਇਕ ਅਧਿਕਾਰੀ ਨੇ ਦਸਿਆ ਕਿ ਜਦ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਪੁਰਾਣੇ ਦਰਵਾਜ਼ੇ, ਰੋਸ਼ਨਦਾਨ ਅਤੇ ਲੱਕੜ ਦੀਆਂ ਅਲਮਾਰੀਆਂ ਸਹੀ ਸਲਾਮਤ ਹਨ, ਫਿਰ ਕਿਤਾਬਾਂ ਕਿਵੇਂ ਸੜ ਗਈਆਂ। ਸਿੱਖ ਰੈਫਰੈਸ ਲਾਇਬਰੇਰੀ ਦਾ ਖ਼ਜ਼ਾਨਾ ਜਿਸ ਨੂੰ ਸੀਬੀਆਈ ਨੇ ਕਰੀਬ 26 ਬੋਰਿਆਂ ਵਿਚ ਭਰ ਕੇ ਵਾਪਸ ਦਿਤਾ। ਇਨ੍ਹਾਂ ਵਿਚ ਲੜੀ ਨੰਬਰ  6364 ਤੋ ਲੈ ਕੇ 6395 ਤਕ ਦੀ ਇਕ ਸੂਚੀ ਹੈ। ਸ਼੍ਰੋਮਣੀ ਕਮੇਟੀ ਨੂੰ ਖ਼ਜ਼ਾਨੇ ਕਿਥੇ ਤੇ ਕਿਸ ਹਾਲ ਵਿਚ ਰੱਖ ਰਹੀ ਹੈ, ਇਸ ਬਾਰੇ ਸਾਰੇ ਬੁਲ ਸੀਤੇ ਹੋਏ ਹਨ।