ਗੁਰਮਤਿ ਮੁਕਾਬਲੇ 'ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਲਾਕੇ ਦੀਆਂ ਸੰਗਤਾਂ ਸਾਥ ਦੇਣ : ਭਾਈ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

15 ਪਿੰਡਾਂ ਦੇ ਗ੍ਰੰਥੀ ਸਿੰਘਾਂ ਅਤੇ ਗੁਰਦਵਾਰਾ ਕਮੇਟੀਆਂ ਨਾਲ ਮੀਟਿੰਗ ਕਰਨ ਉਪਰੰਤ ਹਰ ਪਿੰਡ ਲਈ 100 ਕਿਤਾਬ ਦੇ ਸੈੱਟ ਭੇਂਟ ਕੀਤੇ

Bhai Gurpreet Singh Randhawa

ਚੰਡੀਗੜ੍ਹ : ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਸਿੱਧ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਪਹਿਲਕਦਮੀ ਕਰਦੇ ਹੋਏ ਆ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖ ਕੇ ਇਲਾਕੇ ਵਿਚ ਪਿੰਡ ਪਿੰਡ ਪੱਧਰ 'ਤੇ ਗੁਰਮਤਿ ਪ੍ਰਚਾਰ ਪ੍ਰਸਾਰ ਮੁਹਿੰਮ ਦਾ ਆਗਾਜ਼ ਕਰਦੇ ਹੋਏ ਗਿਆਨੀ ਬਲਜਿੰਦਰ ਸਿੰਘ ਪਰਵਾਨਾ, ਕੌਣ ਬਣੇਗਾ ਪਿਆਰੇ ਦਾ ਪਿਆਰਾ ਟੀਮ ਦੇ ਮੁਖੀ ਦਮਦਮੀ ਟਕਸਾਲ ਰਾਜਪੁਰਾ ਦੀ ਅਗਵਾਈ ਹੇਠ ਪਿਛਲੇ ਦਿਨਾਂ ਵਿਚ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪਿੰਡ ਬਰਾਸ ਨਾਲ ਲੱਗਦੇ ਤਕਰੀਬਨ 15 ਪਿੰਡਾਂ ਦੇ ਗ੍ਰੰਥੀ ਸਿੰਘਾਂ ਅਤੇ ਗੁਰਦਵਾਰਾ ਕਮੇਟੀਆਂ ਨਾਲ ਮੀਟਿੰਗ ਕਰਨ ਉਪਰੰਤ ਹਰ ਪਿੰਡ ਲਈ 100 ਕਿਤਾਬ ਦੇ ਸੈੱਟ ਭੇਂਟ ਕਰ ਕੇ ਗੁਰਮਤਿ ਮੁਕਾਬਲੇ ਦਾ ਆਗਾਜ਼ ਕਰ ਦਿਤਾ ਜਿਸ ਨੂੰ ਇਲਾਕੇ ਵੱਲ ਪਹਿਲੇ ਦਿਨ ਹੀ ਚੰਗਾ ਹੁਲਾਰਾ ਮਿਲਿਆ।

ਭਾਈ ਰੰਧਾਵਾ ਨੇ ਕਿਹਾ 550 ਸਾਲਾ ਸ਼ਤਾਬਦੀ ਸਾਡੀ ਜ਼ਿੰਦਗੀ ਵਿਚ ਅਜਿਹਾ ਮੌਕਾ ਆ ਰਿਹਾ ਹੈ ਜਿਸ ਤੋਂ ਅਸੀ ਸਿੱਖ ਧਰਮ ਦੇ ਬਾਨੀ ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਦੇ ਦਿਤੇ ਮਹਾਨ ਫ਼ਲਸਫ਼ੇ ਨੂੰ ਘਰ-ਘਰ ਪਹੁੰਚਾਉਣ ਦਾ ਯਤਨ ਕਰੀਏ। ਭਾਈ ਰੰਧਾਵਾ ਨੇ ਇਲਾਕੇ ਤੋਂ ਸਹਿਯੋਗ ਮੰਗਦੇ ਹੋਏ ਕਿਹਾ ਕਿ ਸਿੱਖ ਸੰਗਤਾਂ ਸ਼ਹੀਦਾਂ ਦੀ ਮਹਾਨ ਧਰਤੀ ਦੇ ਵਾਰਸ ਬਣਦੇ ਹੋਏ ਪਾਰਟੀਬਾਜ਼ੀ, ਸਿਆਸੀ ਪਾਰਟੀਆਂ, ਧੜੇਬੰਦੀਆਂ ਆਪਸੀ ਮਨ ਮੁਟਾਵ ਮਿਟਾ ਕੇ ਨਿਰੋਲ ਇਸ ਧਾਰਮਕ ਮਿਸ਼ਨ ਦਾ ਸਾਥ ਦੇਣ।

ਇਸ ਮੁਹਿੰਮ ਦੇ ਮੁੱਖ ਸੰਚਾਲਕ ਦਮਦਮੀ ਟਕਸਾਲ ਰਾਜਪੁਰਾ ਗਿਆਨੀ ਬਲਜਿੰਦਰ ਸਿੰਘ ਪਰਵਾਨਾ ਨੇ ਸੰਬੋਧਨ ਕਰਦਿਆਂ ਸਮੁੱਚੇ ਪ੍ਰੋਗਰਾਮ ਦੀ ਜਾਣਕਾਰੀ ਦਿਤੀ ਕਿ ਕਿਵੇਂ ਬੱਚਿਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਹਰ ਪਿੰਡ ਵਿਚ ਪੇਪਰ ਲਏ ਜਾਣਗੇ  ਤੇ ਬਾਅਦ ਵਿਚ ਫ਼ਤਿਹਗੜ੍ਹ ਸਾਹਿਬ ਵਿਚ ਫ਼ਾਈਨਲ ਮੁਕਾਬਲਾ ਕਰਵਾਇਆ ਜਾਵੇਗਾ ਜਿਥੇ ਵੱਡੇ ਪੱਧਰ 'ਤੇ ਇਨਾਮ ਪ੍ਰਦਾਨ ਕੀਤੇ ਜਾਣਗੇ। ਅੰਤ ਵਿਚ ਭਾਈ ਰੰਧਾਵਾ ਨੇ ਸਿੱਖ ਸੰਗਤਾਂ ਦਾ ਧਨਵਾਦ ਕੀਤਾ ਤੇ ਕਿਹਾ ਕਿ ਸਾਰੇ ਇਲਾਕੇ ਵਿਚ ਇਸੇ ਤਰ੍ਹਾਂ ਇਹ ਗੁਰਮਤਿ ਮੁਕਾਬਲੇ ਸਬੰਧੀ ਮੀਟਿੰਗਾਂ ਕਰ ਕੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਤੀ ਜਾਵੇਗੀ।