ਭਾਈ ਮੰਡ ਦੀ ਅਗਵਾਈ ਹੇਠ ਬਰਗਾੜੀ ਮੋਰਚੇ ਵਲੋਂ ਸੰਘਰਸ਼ ਦੀ ਚਿਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

12 ਅਪ੍ਰੈਲ ਨੂੰ ਸਿੱਖ ਜਥੇਬੰਦੀਆਂ ਮਿਲਣਗੀਆਂ ਚੋਣ ਕਮਿਸ਼ਨ ਨੂੰ 

Bhai Dhyan Singh Mand

ਬਠਿੰਡਾ : ਸੂਬੇ 'ਚ ਵਾਪਰੀਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਵਿਖੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ ਕੁੰਵਰ ਵਿਜੇ ਪ੍ਰਤਾਪ ਦਾ ਚੋਣ ਕਮਿਸ਼ਨ ਵਲੋਂ ਕੀਤੇ ਤਬਾਦਲੇ ਦਾ ਮਾਮਲਾ ਗਰਮਾ ਗਿਆ ਹੈ। ਬਰਗਾੜੀ ਮੋਰਚੇ ਦੀ ਅਗਵਾਈ ਕਰ ਕੇ ਇਕ ਨਵੀਂ ਲਹਿਰ ਪੈਦਾ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਹਾਲਾਂਕਿ ਅਪਣੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਹਿਣ ਵਾਸਤੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ 12 ਅਪ੍ਰੈਲ ਨੂੰ ਚੋਣ ਕਮਿਸ਼ਨ ਨੂੰ ਮਿਲਣ ਜਾ ਰਹੀਆਂ ਹਨ। 

ਅੱਜ ਸਥਾਨਕ ਪ੍ਰੈਸ ਕਲੱਬ 'ਚ ਭਾਈ ਮੰਡ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਅਗਲੇ ਇਕ ਹਫ਼ਤੇ ਦੇ ਅੰਦਰ-ਅੰਦਰ ਆਈ.ਜੀ ਦੀ ਬਦਲੀ ਰੱਦ ਨਾ ਕੀਤੀ ਗਈ ਤਾਂ ਉਹ ਪੂਰੇ ਪੰਜਾਬ 'ਚ ਵੱਡਾ ਸੰਘਰਸ਼ ਵਿੱਢਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਿਆਨ ਸਿੰਘ ਮੰਡ ਨੇ ਉਕਤ ਪੁਲਿਸ ਅਧਿਕਾਰੀ ਨੂੰ ਈਮਾਨਦਾਰ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਤਬਾਦਲੇ ਪਿੱਛੇ ਬਹੁਤ ਵੱਡੀ ਸਾਜ਼ਸ਼ ਹੈ, ਜਿਸ ਵਿਚ ਬਾਦਲਾਂ ਤੋਂ ਇਲਾਵਾ ਮੋਦੀ ਸਰਕਾਰ ਵੀ ਰਲੀ ਹੋਈ ਹੈ। ਮੰਡ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੁਣ ਬਾਦਲਾਂ ਤੇ ਸੈਣੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ ਜਿਸ ਤੋਂ ਬਚਣ ਲਈ ਚੋਣ ਕਮਿਸ਼ਨ ਨੂੰ ਗ਼ਲਤ ਤੱਥ ਪੇਸ਼ ਕਰ ਕੇ ਇਹ ਫ਼ੈਸਲਾ ਕਰਵਾਇਆ ਗਿਆ ਹੈ।

ਭਾਈ ਮੰਡ ਨੇ ਦਾਅਵਾ ਕੀਤਾ ਕਿ ਕੋਈ ਵੀ ਸਿੱਖ ਪੰਥਕ ਦੋਖੀਆਂ ਨੂੰ ਵੋਟ ਨਹੀਂ ਪਾਵੇਗਾ। ਭਾਈ ਮੰਡ ਨੇ ਸਪੱਸ਼ਟ ਕੀਤਾ ਕਿ ਬਰਗਾੜੀ ਮੋਰਚੇ ਨਾਲ ਜੁੜੀਆਂ ਧਿਰਾਂ 'ਚ ਕੋਈ ਤਰੇੜ ਨਹੀਂ ਹੈ ਤੇ ਗੁਰਦੀਪ ਸਿੰਘ ਬਠਿੰਡਾ ਵਲੋਂ ਅਪਣੀ ਦਾਅਵੇਦਾਰੀ ਵਾਪਸ ਲੈਣ ਤੋਂ ਬਾਅਦ ਹੁਣ ਗੁਰਸੇਵਕ ਸਿੰਘ ਜਵਾਹਰਕੇ ਮੋਰਚੇ ਵਲੋਂ ਉਮੀਦਵਾਰ ਹਨ। ਇਸ ਮੌਕੇ ਉਮੀਦਵਾਰ ਭਾਈ ਜਵਾਹਰਕੇ ਤੋਂ ਇਲਾਵਾ ਗੁਰਦੀਪ ਸਿੰਘ ਬਠਿੰਡਾ, ਪਰਵਿੰਦਰ ਸਿੰਘ ਬਾਲਿਆਵਾਲੀ ਅਤੇ ਗੁਰਚਰਨ ਸਿੰਘ ਕੋਟਲੀ ਸਹਿਤ ਕਈ ਹੋਰ ਪੰਥਕ ਆਗੂ ਵੀ ਹਾਜ਼ਰ ਸਨ। 

ਦਿੱਲੀ ਵਿਚ ਰੋਸ ਮਾਰਚ ਕੱਢਣ ਦਾ ਐਲਾਨ : ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਵੀ 12 ਅਪ੍ਰੈਲ ਨੂੰ ਦਿੱਲੀ ਦੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਤਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੀ ਆਲੋਚਨਾ ਕੀਤੀ ਹੈ।