‘ਸਿੰਘ ਮਾਰਦੇ ਠੋਕਰ ਤਖ਼ਤਾਂ-ਤਾਜਾਂ ਨੂੰ’ ਬੱਬੂ ਮਾਨ ਨੇ ਇਸ ਗੀਤ ਨੂੰ ਕਿਉਂ ਤੇ ਕਿਸ 'ਤੇ ਲਿਖਿਆ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਤੁਸੀਂ ਸਾਰੇ ਜਣਿਆ ਨੇ ਅਦਾਕਾਰ ਬੱਬੂ ਮਾਨ ਦਾ ਗੀਤ ਸੁਣਿਆ ਹੋਵੇਗਾ...

Nawab Kapoor Singh ji

ਚੰਡੀਗੜ੍ਹ : ਤੁਸੀਂ ਸਾਰੇ ਜਣਿਆ ਨੇ ਅਦਾਕਾਰ ਬੱਬੂ ਮਾਨ ਦਾ ਗੀਤ ਸੁਣਿਆ ਹੋਵੇਗਾ ‘ਸਿੰਘ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ’। ਇਹ ਗੀਤ ਤਾਂ ਭਾਵੇਂ ਥੋੜ੍ਹਾ ਹੀ ਸਮਾਂ ਪਹਿਲਾਂ ਲਿਖਿਆ ਗਿਆ ਪਰ ਇਸਤੋਂ ਪਹਿਲਾਂ ਵੀ ਸਿੱਖ ਵਿਦਵਾਨ ਜਾਂ ਇਤਿਹਾਸਕਾਰ ਇਹਨਾਂ ‘ਤਖਤਾਂ ਤਾਜ਼ਾਂ ਨੂੰ ਠੋਕਰ ਮਾਰਨ ਵਾਲੇ’ ਸ਼ਬਦਾਂ ਨੂੰ ਵਰਤਦੇ ਰਹੇ ਹਨ। ਇਹ ਸ਼ਬਦ ਕਿਥੋਂ ਆਏ? ਇਹ ਤੁਕ ਕਿਥੋਂ ਬਣੀ? ਕੀ ਹੈ ਇਸਦਾ ਇਤਿਹਾਸ? ਅੱਜ ਅਸੀਂ ਦੱਸਾਂਗੇ ਇੱਕ ਅਜਿਹੀ ਇਤਿਹਾਸਿਕ ਵਾਰਤਾ ਜੋ ਇਹਨਾਂ ਸ਼ਬਦਾਂ ਦੀ ਸ਼ੁਰੂਆਤ ਕਹੀ ਜਾ ਸਕਦੀ ਹੈ।

ਜਦ ਸਿੱਖਾਂ ਨੇ ਪੰਜਾਬ ਦੇ ਮੁਗ਼ਲੀਆ ਗਵਰਨਰ ਜ਼ਕਰੀਆ ਖਾਨ ਦੇ ਨੱਕ ‘ਚ ਦਮ ਕਰ ਦਿੱਤਾ ਤਾਂ ਉਸ ਨੇ ਬਾਦਸ਼ਾਹ ਨਾਲ ਸਲਾਹ ਕਰਕੇ ਸਿੱਖਾਂ ਨੂੰ ਨਵਾਬੀ ਦੇ ਕੇ ਸੁਲਾਹ ਸਫ਼ਾਈ ਕਰਨ ਦੀ ਵਿਉਂਤ ਬਣਾਈ। ਜ਼ਕਰੀਆ ਖ਼ਾਨ ਨੇ ਸਰਕਾਰੀ ਅਹੁਦੇਦਾਰ ਭਾਈ ਸੁਬੇਗ ਸਿੰਘ ਨੂੰ 29 ਮਾਰਚ 1733 ਈ: ਨੂੰ ਸਿੱਖਾਂ ਨਾਲ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ। ਸਿੱਖਾਂ ਨੇ ਪਹਿਲਾਂ ਤਾਂ ਆਉਂਦਿਆਂ ਹੀ ਭਾਈ ਸੁਬੇਗ ਸਿੰਘ ਨੂੰ ਬੰਨ ਲਿਆ ਕਿ ਉਹ ਜ਼ਕਰੀਏ ਦੇ ਨੌਕਰੀ ਕਿਉਂ ਕਰਦਾ ਹੈ? ਅਕਾਲ ਤਖ਼ਤ ਵੱਲੋਂ ਸੁਬੇਗ ਸਿੰਘ ਨੂੰ ਤਨਖ਼ਾਹ ਲਗਾਈ ਗਈ, ਜਿਹੜੀ ਉਸ ਵੱਲੋਂ ਹੱਥ ਜੋੜ ਕੇ ਪ੍ਰਵਾਨ ਕਰ ਲਈ ਗਈ।

ਫਿਰ ਉਸ ਨੇ ਆਪਣੇ ਆਉਣ ਦਾ ਮਕਸਦ ਦੱਸਿਆ ਕਿ ਸਰਕਾਰ ਸਿੱਖਾਂ ਨਾਲ ਸੁਲਾਹ ਕਰਨੀ ਚਾਹੁੰਦੀ ਹੈ ਅਤੇ ਸਿੱਖਾਂ ਨੂੰ “ਨਵਾਬੀ” ਦੀ ਪੇਸ਼ਕਸ ਕੀਤੀ ਗਈ ਹੈ। ਜਿਕਰਯੋਗ ਹੈ ਕਿ ਇਹ ਭਾਈ ਸੁਬੇਗ ਸਿੰਘ ਜੀ ਉਹੀ ਹਨ ਜਿਨਾਂ ਨੂੰ ਮਗਰੋਂ ਮੁਗ਼ਲ ਹਕੂਮਤ ਨੇ ਉਹਨਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਸਮੇਤ ਚਰਖੜੀ ਤੇ ਚੜਾਕੇ ਸ਼ਹੀਦ ਕੀਤਾ ਸੀ। ਚਲੋ ਨਵਾਬੀ ਦੀ ਪੇਸ਼ਕਸ਼ ਹੋਣ ਤੇ ਸਿੱਖ ਸਰਦਾਰ ਸੋਚ ਵਿਚਾਰ ਕਰਨ ਮਗਰੋਂ ਸੁਲਾਹ ਲਈ ਤਾਂ ਰਾਜ਼ੀ ਹੋ ਗਏ ਪਰ “ਨਵਾਬੀ” ਲੈਣ ਲਈ ਕੋਈ ਤਿਆਰ ਨਾ ਹੋਇਆ। ਫਿਰ ਦੁਬਾਰਾ ਕਹਿਣ ‘ਤੇ ਸਿੰਘਾਂ ਨੇ ਵਿਚਾਰ ਕੀਤੀ ਕਿ ਨਵਾਬੀ ਪੰਥ ਦੇ ਬਜੁਰਗ ਆਗੂ “ਦੀਵਾਨ ਦਰਬਾਰਾ ਸਿੰਘ” ਨੂੰ ਦੇ ਦਿੱਤੀ ਜਾਵੇ ਪਰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ।

ਜਦ ਕੋਈ ਸਿੰਘ ਸਰਦਾਰ “ਨਵਾਬੀ” ਪ੍ਰਵਾਨ ਕਰਨ ਲਈ ਤਿਆਰ ਨਾ ਹੋਇਆ ਤਾਂ ਭਾਈ ਸੁਬੇਗ ਸਿੰਘ ਨੇ ਇੱਕ ਵਾਰ ਫਿਰ ਬੇਨਤੀ ਕੀਤੀ। ਇਥੇ ਅਸੀਂ ਅੱਜ ਦੇ ਸਮੇਂ ਦੇ ਸਿੱਖਾਂ ਦੇ ਠੇਕੇਦਾਰਾਂ ਦਾ ਜਿਕਰ ਕਰਨਾ ਚਾਹਵਾਂਗੇ ਜਿਨਾਂ ਇਹਨਾਂ ਸਰਕਾਰੀ ਨਵਾਬੀਆਂ ਅਹੁਦਿਆਂ ਖਾਤਰ ਕੌਮ ਨਾਲ ਧ੍ਰੋਹ ਕਮਾਏ ਤੇ ਕੌਮ ਤੱਕ ਵੇਚਕੇ ਦੁਸ਼ਮਣ ਧਿਰ ਨਾਲ ਰਲ ਗਏ ਤੇ ਖੁਦ ਨੂੰ ਫ਼ਖਰ ਏ ਕੌਮ ਵੀ ਕਹਾਉਂਦੇ ਹਨ। ਖੈਰ ਨਵਾਬੀ ਵਾਲਾ ਮਸਲਾ ਜਦੋਂ ਹੱਲ ਨਾ ਹੋਇਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ 32 ਸਿੱਖ ਸਰਦਾਰ ਆਗੂ ਬੈਠੇ ਸਨ।  

ਭਾਈ ਸੁਬੇਗ ਸਿੰਘ ਨੇ ਉਹਨਾਂ ਸਰਦਾਰਾਂ ਦੇ ਸਾਹਮਣੇ ਨਵਾਬੀ ਵਾਲੀ ਚਾਂਦੀ ਦੀ ਪਰਾਤ ਰੱਖ ਦਿੱਤੀ ਜਿਸ ‘ਚ ਸਰਕਾਰ ਵੱਲੋਂ ਭੇਜੀ ਰੇਸ਼ਮੀ ਦਸਤਾਰ, ਕਲਗੀ, ਪੁਸ਼ਾਕ, ਕਿਰਪਾਨ, ਖ਼ਿਲਅਤ, ਕਮਰਬੰਦ, ਖੁਸ਼ਕ ਮੇਵੇ ਅਤੇ ਬਾਦਸ਼ਾਹ ਦੀ ਮੋਹਰ ਵਾਲੀ ਚਿੱਠੀ ਪਈ ਸੀ। ਜਦ ਭਾਈ ਸੁਬੇਗ ਸਿੰਘ ਨੇ ਇਹ ਪਰਾਤ ਸਿੱਖ ਸਰਦਾਰਾਂ ਅੱਗੇ ਰੱਖੀ ਤਾਂ ਪਹਿਲੇ ਸਰਦਾਰ ਨੇ ਪੈਰ ਨਾਲ ਧੱਕ ਕੇ ਅੱਗੇ ਕਰ ਦਿੱਤੀ। ਇਸ ਤਰਾਂ ਹੀ ਅਗਲਿਆਂ ਨੇ ਕੀਤਾ, ਤੇ ਉਸ ਨਵਾਬੀ ਵਾਲੀ ਥਾਲੀ ਨੂੰ ਜੁੱਤੀ ਦੀ ਠੋਕਰ ਮਾਰਕੇ ਅੱਗੇ ਦੀ ਅੱਗੇ ਤੋਰਦੇ ਗਏ। ਕਿਸੇ ਨੇ ਇਸ ਪੇਸ਼ਕਸ ਨੂੰ ਸਵੀਕਾਰ ਨਾ ਕੀਤਾ ਸਗੋਂ ਠੋਕਰ ਮਾਰ ਕੇ ਅੱਗੇ ਧੱਕਦੇ ਰਹੇ।

ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਸਿੱਖ ਨਵਾਬੀਆਂ ਨੂੰ ਠੋਕਰ ਮਾਰਦੇ ਰਹੇ ਸਨ। ਫਿਰ ਭਾਈ ਸੁਬੇਗ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੋਈ ਬਾਦਸ਼ਾਹ ਦੀ ਬਖ਼ਸ਼ਿਸ਼ ਨਹੀਂ, ਸਗੋਂ ਖਾਲਸੇ ਲਈ ਭੇਟਾ ਹੈ। ਸਰਦਾਰਾਂ ਜਵਾਬ ਦਿੱਤਾ ਕਿ ਖਾਲਸੇ ਨੂੰ ਗੁਰੂ ਨੇ ਪਾਤਸ਼ਾਹੀ ਬਖ਼ਸ਼ੀ ਹੈ, ਇਹ ਨਵਾਬੀ ਤਾਂ ਖ਼ਰਾਬੀ ਹੈ। ਕਹਿੰਦੇ ਹਨ ਕਿ ਗੱਲ ਅੱਗੇ ਨਾ ਤੁਰਦੀ ਦੇਖ ਕੁਝ ਚਿਰ ਸਨਾਟਾ ਸ਼ਾਅ ਗਿਆ। ਫਿਰ ਇੱਕ ਬਿਰਧ ਸਿੰਘ ਨੇ ਸਰਦਾਰਾਂ ਨੂੰ ਬੇਨਤੀ ਕੀਤੀ ਕਿ ਖਾਲਸਾ ਜੀ ਆਪਣਾ ਪਾਤਸ਼ਾਹੀ ਦਾ ਦਾਅਵਾ ਨਾ ਛੱਡੋ ਅਤੇ ਇਹ ਭੇਟਾ ਪ੍ਰਵਾਨ ਕਰੋ।

ਇਹ ਖਾਲਸੇ ਦੇ ਦਾਅਵੇ ਨੂੰ ਘਟਾ ਨਹੀਂ ਸਕਦੀ, ਅਸੀਂ ਆਪਣਾ “ਪਾਤਸ਼ਾਹੀ ਦਾਅਵਾ” ਕਾਇਮ ਰੱਖਾਂਗੇ। ਗੁਰੂ ਦੀ ਬਕਸ਼ੀ ਸਰਦਾਰੀ ਤੇ ਬਾਦਸ਼ਾਹਤ ਤਾਂ ਸਾਡੀ ਹੀ ਹੈ ਤੇ ਰਹੇਗੀ। ਅਖੀਰ ਫੈਸਲਾ ਗੁਰੂ ਤੇ ਛੱਡਿਆ ਗਿਆ ਤੇ ਹੁਕਮਨਾਮਾ ਲਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੋਇਆ, ‘ਟਹਲ ਮਹਲ ਤਾ ਕਉ ਮਿਲੈ’ ‘ਜਾ ਸਾਧ ਸੰਗਤਿ ਤਉ ਬਸ ਜਉ ਆਪਨ ਹੋਇ ਦਇਆਲ।।‘ ਅੰਗ 255, ਬਾਣੀ ਗੁਰੂ ਅਰਜਨ ਸਾਹਿਬ ਜੀ, ਰਾਗ ਗਉੜੀ, ਦੀਵਾਨ ਵਿਚ ਘੋੜਿਆਂ ਅਤੇ ਲੰਗਰ ਦੀ ਸੇਵਾ ਕਰਨ ਵਾਲੇ ਸਰਦਾਰ ਕਪੂਰ ਸਿੰਘ ਉਸ ਸਮੇਂ ਸੰਗਤ ਨੂੰ ਪੱਖਾ ਝੱਲ ਰਹੇ ਸਨ।

ਸਰਬੱਤ ਖਾਲਸੇ ਦੀ ਨਿਗਾ ਉਨ੍ਹਾਂ ‘ਤੇ ਪਈ ਅਤੇ ਸਮੂਹ ਸੰਗਤ ਨੇ ਜੈਕਾਰਾ ਛੱਡ ਕੇ ਪ੍ਰਵਾਨਗੀ ਦੇ ਦਿੱਤੀ। ਹੁਣ ਸਰਦਾਰ ਕਪੂਰ ਸਿੰਘ ਨਾਂਹ ਨਹੀਂ ਕਰ ਸਕਦੇ ਸਨ।  ਉਹਨਾਂ ਨੇ ਸਿਰ ਨਿਵਾ ਕੇ ਇਸ ਨੂੰ ਪ੍ਰਵਾਨ ਕੀਤਾ ਅਤੇ ਪਰ ਇੱਕ ਸ਼ਰਤ ਰੱਖੀ ਤੇ ਕਿਹਾ ਕਿ ਇਹ ਨਵਾਬੀ ਪੰਜ ਸਿੰਘਾਂ ਦੇ ਪੈਰਾਂ ਨੂੰ ਛੁਹਾ ਕੇ ਬਖਸ਼ੀ ਜਾਵੇ। ਫਿਰ ਸਰਦਾਰ ਕਪੂਰ ਸਿੰਘ ਨੇ ਕਿਹਾ ਮੈਨੂੰ ਨਵਾਬੀ ਖਾਲਸਾ ਪੰਥ ਨੇ ਬਖ਼ਸ਼ੀ ਹੈ ਮੈਂ ਸੂਬੇਦਾਰ ਜਾਂ ਬਾਦਸ਼ਾਹ ਦੀ ਹਾਜ਼ਰੀ ਨਹੀਂ ਭਰਾਂਗਾ।

ਸੰਗਤ, ਲੰਗਰ ਅਤੇ ਘੋੜਿਆਂ ਦੀ ਸੇਵਾ ਕਰਨ ‘ਤੇ ਮੇਰਾ ਹੱਕ ਰਹੇਗਾ। ਇਹ ਸਭ ਸ਼ਰਤਾਂ ਸਰਬੱਤ ਖਾਲਸੇ ਨੇ ਪ੍ਰਵਾਨ ਕੀਤੀਆਂ ਅਤੇ ਇਸ ਤਰਾਂ “ਨਵਾਬ ਦੀ ਪਦਵੀ” ਖਾਲਸਾ ਪੰਥ ਵੱਲੋਂ ਪ੍ਰਵਾਨ ਕੀਤੀ ਗਈ। ਤਾਹੀਂ ਅੱਜ ਸਰਦਾਰ ਕਪੂਰ ਸਿੰਘ ਨਵਾਬ ਕਪੂਰ ਸਿੰਘ ਕਰਕੇ ਜਾਣੇ ਜਾਂਦੇ ਹਨ।