ਸੰਘ ਮੁਖੀ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ 'ਤੇ ਪਾਬੰਦੀ ਲਗਾਈ ਜਾਵੇ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਭਾਰਤ ਦੇਸ਼ ਨੂੰ ਕਿਸੇ ਇਕ ਵਿਸ਼ਵਾਸ ਜਾਂ ਸਭਿਆਚਾਰ ਨਾਲ ਜੋੜਿਆ ਨਹੀਂ ਜਾ ਸਕਦਾ।

Baba Balbir Singh

ਅੰਮ੍ਰਿਤਸਰ : ਰਾਸ਼ਟਰੀ ਸੋਇਮ ਸੇਵਕ ਸੰਘ ਦੇ ਹੈੱਡਕੁਆਟਰ ਨਾਗਪੁਰ ਵਿਖੇ ਇਕ ਸਮਾਗਮ ਦੌਰਾਨ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਕਹਿਣਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ। ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ, ਦੇ ਸਬੰਧੀ ਸਖ਼ਤ ਪ੍ਰਤੀਕਰਮ ਦਿੰਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਸੰਘ ਦੇ ਮੁਖੀ ਵਲੋਂ ਅਜਿਹੇ ਬਿਆਨ ਦੇਸ਼ ਦੇ ਅੰਦਰੂਨੀ ਢਾਂਚੇ ਵਿਚ ਘੱਟ ਗਿਣਤੀਆਂ ਤੇ ਵਿਭਿੰਤਾ ਲਈ ਵੱਡਾ ਖ਼ਤਰਾ ਹਨ।

ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹਿੰਦੂ ਧਰਮ ਰਾਸ਼ਟਰ ਨਹੀਂ ਹੈ। ਭਾਰਤੀ ਸੰਵਿਧਾਨ ਦੀ ਅਸਲ ਭੂਮਿਕਾ ਹੀ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਜਮਹੂਰੀ ਗਣਰਾਜ ਹੈ। ਇਸ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭਿੰਨ ਭੇਦ ਤੋਂ ਉਪਰ ਉਠ ਕੇ ਬਰਾਬਰਤਾ ਦੇ ਅਧਿਕਾਰ ਹਨ।

ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਕਿਸੇ ਇਕ ਵਿਸ਼ਵਾਸ ਜਾਂ ਸਭਿਆਚਾਰ ਨਾਲ ਜੋੜਿਆ ਨਹੀਂ ਜਾ ਸਕਦਾ। ਸੰਘ ਦੇ ਇਸ ਤਰ੍ਹਾਂ ਦੇ ਬਿਆਨ ਦੇਸ਼ ਦੇ ਵੱਡੇ ਕੱਦ ਬੁੱਤ ਨੂੰ ਬੌਣਾ ਕਰਨ ਵਾਲੇ ਹਨ। ਅਜਿਹੇ ਬਿਆਨ ਦੇਸ਼ ਅੰਦਰ ਨਵੇਂ-ਨਵੇਂ ਵਿਵਾਦ ਛੇੜਨਗੇ ਅਤੇ ਦੇਸ਼ ਦੀ ਆਨ ਸ਼ਾਨ ਨੂੰ ਵੀ ਧੱਕਾ ਲੱਗੇਗਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸੰਘ ਮੁਖੀ ਦੇ ਅਜਿਹੇ ਬੇਸਿਰੇ ਬਿਆਨ ਦੇਸ਼ ਦਾ ਕੁੱਝ ਸੰਵਾਰਨ ਦੀ ਬਜਾਏ ਇਸ ਦੀਆਂ ਮੂਲ ਪ੍ਰੰਪਰਾਵਾਂ ਦੀ  ਖਿਲੀ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਾਂਹ ਪੱਖੀ ਬਿਆਨ ਦੇਣ ਵਾਲੇ ਨੇਤਾਵਾਂ 'ਤੇ ਵੀ ਲਗਾਮ ਕੱਸਣੀ ਚਾਹੀਦੀ ਹੈ।