ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਮੰਡ ਵਲੋਂ 21 ਮੈਂਬਰੀ ਕਮੇਟੀ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਮੇਟੀ ਕਰੇਗੀ ਰਾਸ਼ਟਰਪਤੀ ਅਤੇ ਗਵਰਨਰ ਨਾਲ ਮੁਲਾਕਾਤ: ਜਥੇਦਾਰ ਮੰਡ

Dhyan Singh Mand

ਬਠਿੰਡਾ : ਦੇਸ਼ ਦੀ ਮੋਦੀ ਸਰਕਾਰ ਵਲੋਂ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਵੱਖ ਵੱਖ ਜੇਲਾਂ ਵਿਚ ਬੰਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਮੇਤ 8 ਬੰਦੀ ਸਿੰਘਾਂ ਦੀ ਰਿਹਾਈ ਅਤੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਦਾ ਐਲਾਨ ਕਰ ਦਿਤਾ ਹੈ ਪ੍ਰੰਤੂ ਬਾਕੀ ਰਹਿੰਦੇ ਬੰਦੀ ਸਿੰਘਾਂ ਦੀ ਮੁਕੰਮਲ ਰਿਹਾਈ ਅਤੇ ਆਮ ਮੁਆਫੀ ਲਈ ਸਰਬੱਤ ਖ਼ਾਲਸਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਇਕ ਵਾਰ ਫਿਰ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿਤੀ ਗਈ ਹੈ।

ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜਥੇਦਾਰ ਮੰਡ ਨੇ ਦਸਿਆ ਕਿ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਤਿਹਾੜ ਜੇਲ ਜਗਤਾਰ ਸਿੰਘ ਤਾਰਾ, ਤਿਹਾੜ ਜੇਲ ਪਰਮਜੀਤ ਸਿੰਘ ਭਿਓਰਾ, ਬੁੜੈਲ ਜੇਲ ਸੁਰਿੰਦਰ ਸਿੰਘ ਛਿੰਦਾ, ਮੁਰਾਦਾਬਾਦ ਉੱਤਰ ਪ੍ਰਦੇਸ਼ ਸਤਨਾਮ ਸਿੰਘ, ਦਿਆਲ ਸਿੰਘ, ਸੁੱਚਾ ਸਿੰਘ ਮੁਰਾਦਾਬਾਦ ਉੱਤਰ ਪ੍ਰਦੇਸ਼ ਜੇਲ, ਹਰਨੇਕ ਸਿੰਘ ਭੱਪ ਜੈਪੁਰ ਜੇਲ ਅਤੇ ਦਿਆ ਸਿੰਘ ਲਾਹੌਰੀਆ ਤਿਹਾੜ ਜੇਲ ਸਮੇਤ ਬਾਕੀ ਰਹਿੰਦੇ ਸਿੰਘਾਂ ਦੀ ਰਿਹਾਈ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਮੂਹ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਰਿਹਾਈ ਦੀ ਮੰਗ ਕੀਤੀ ਜਾਵੇਗੀ।

ਜਥੇਦਾਰ ਮੰਡ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 14 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਵਿਖੇ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਬੰਧ ਵਿਚ ਰੱਖੇ ਗਏ ਅਰਦਾਸ ਦਿਵਸ ਸਮਾਗਮ ਵਿਚ ਹੁੰਮ ਹੁਮਾ ਕੇ ਸ਼ਾਮਲ ਹੋਵੇ।