ਧਿਆਨ ਸਿੰਘ ਮੰਡ ਨੇ ਮੋਰਚਾ ਚੁਕਣ ਦਾ ਫ਼ੈਸਲਾ ਜਲਦਬਾਜ਼ੀ ਵਿਚ ਲਿਆ : ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰਬਤ ਖ਼ਾਲਸਾ ਦੁਆਰਾ ਨਾਮਜ਼ਦ ਜਥੇਦਾਰ ਵੀ ਖੇਰੂ ਖੇਰੂ ਹੋ ਗਏ। ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ....

ਧਿਆਨ ਸਿੰਘ ਮੰਡ ਅਤੇ ਦਾਦੂਵਾਲ

ਅੰਮ੍ਰਿਤਸਰ/ਤਰਨਤਾਰਨ, 12 ਦਸੰਬਰ (ਚਰਨਜੀਤ ਸਿੰਘ): ਸਰਬਤ ਖ਼ਾਲਸਾ ਦੁਆਰਾ ਨਾਮਜ਼ਦ ਜਥੇਦਾਰ ਵੀ ਖੇਰੂ ਖੇਰੂ ਹੋ ਗਏ। ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਡਿਕਟੇਟਰ ਵਾਲੀ ਭੂਮਿਕਾ ਵਿਚ ਆ ਗਏ ਸਨ ਤੇ ਬਾਕੀ ਜਥੇਦਾਰਾਂ ਦੀ ਪ੍ਰਵਾਹ ਨਹੀਂ ਕਰਦੇ ਸਨ। ਇਸ ਲਈ ਮੈਂ ਉਨ੍ਹਾਂ ਵਲੋਂ ਮੋਰਚਾ ਚੁਕਣ ਵਾਲੇ ਜਲਦਬਾਜ਼ੀ ਵਿਚ ਲਏ ਫ਼ੈਸਲੇ ਕਾਰਨ ਨਿਰਾਸ਼ ਹਾਂ। 
ਬਾਬਾ ਦਾਦੂਵਾਲ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇ ਤੋ ਮਹਿਸੂਸ ਕਰ ਰਹੇ ਸਨ ਕਿ ਭਾਈ ਮੰਡ ਆਪਣੀ ਮਨਮਰਜ਼ੀ ਕਰ ਰਹੇ ਹਨ ਪਰ ਉਹ ਇਸ ਲਈ ਚੁਪ ਸਨ ਕਿ ਉਹ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਕਾਰਨ ਸੰਗਤ ਵਿਚ ਮੋਰਚੇ ਪ੍ਰਤੀ ਕੋਈ ਗ਼ਲਤ ਸੁਨੇਹਾ ਜਾਵੇ। ਬਾਬਾ ਦਾਦੂਵਾਲ ਨੇ ਕਿਹਾ,''ਮੈਂ ਮੋਰਚੇ ਦੀ ਸਫ਼ਲਤਾ ਲਈ ਦਿਨ ਰਾਤ ਇਕ ਕੀਤਾ ਪਰ ਭਾਈ ਮੰਡ ਨੇ ਜਲਦਬਾਜ਼ੀ ਵਿਚ ਫ਼ੈਸਲਾ ਲਿਆ।'

' ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੂੰ ਪਤਾ ਲਗਾ ਕਿ ਮੋਰਚਾ ਖ਼ਤਮ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਭਾਈ ਮੰਡ ਨੂੰ ਕਿਹਾ ਸੀ ਕਿ ਜਿਥੇ 192 ਦਿਨ ਬੈਠੇ ਹਾਂ ਉਥੇ ਇਕ ਮਹੀਨਾ ਹੋਰ ਬੈਠ ਜਾਂਦੇ ਹਾਂ ਤਾਂ ਕਿ ਬੰਦੀ ਸਿੰਘ ਰਿਹਾਅ ਹੋ ਜਾਣ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਵਾਲੇ ਗ੍ਰਿਫ਼ਤਾਰ ਹੋ ਜਾਂਦੇ। ਬਾਬਾ ਦਾਦੂਵਾਲ ਨੇ ਕਿਹਾ ਕਿ ਭਾਈ ਮੰਡ ਨੇ ਇਕ ਨਾ ਸੁਣੀ। ਭਵਿੱਖ ਵਿਚ ਨਾਲ ਚਲਣ ਬਾਰੇ ਪੁਛੇ ਜਾਣ ਤੈ ਬਾਬਾ ਦਾਦੂਵਾਲ ਨੇ ਕਿਹਾ ਕਿ ਉਹ 20 ਦਸੰਬਰ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਣਗੇ।