ਭਾਈ ਧਿਆਨ ਸਿੰਘ ਮੰਡ ਜੇਲ੍ਹ 'ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿਹਾੜ ਜੇਲ੍ਹ 'ਚ ਬੰਦ ਤੇ ਸਰਬੱਤ ਖਾਲਸਾ ਵਲੋਂ ਤਾਇਨਾਤ ਕੀਤੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ...

Jagtar Singh Hawara

ਅੰਮ੍ਰਿਤਸਰ :  ਤਿਹਾੜ ਜੇਲ੍ਹ 'ਚ ਬੰਦ ਤੇ ਸਰਬੱਤ ਖਾਲਸਾ ਵਲੋਂ ਤਾਇਨਾਤ ਕੀਤੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਮਿਲੇ। ਪ੍ਰਾਪਤ ਜਾਣਕਾਰੀ ਮੁਤਾਬਕ ਜਥੇਦਾਰ ਹਵਾਰਾ ਨੇ ਮੰਡ ਨੂੰ ਸਪੱਸ਼ਟ ਕੀਤਾ ਕਿ ਉਹ ਆਉਂਦੇ ਦਿਨਾ ਵਿਚ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਮੀਡੀਆ ਵਿਚ ਅਪਣਾ ਫੈਸਲਾ ਅਪਣੇ ਬੁਲਾਰੇ ਰਾਹੀਂ ਦੇਣਗੇ।

ਉਨ੍ਹਾਂ ਮੁਲਾਕਾਤ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਕਿਹਾ ਕਿ ਮੇਰੇ ਨਾਮ 'ਤੇ ਕੋਈ ਵੀ ਬਿਆਨ ਬਾਹਰ ਜਾ ਕੇ ਨਾ ਦਿਤਾ ਜਾਵੇ ਨਹੀਂ ਤਾਂ ਉਸ ਬਿਆਨ ਦਾ ਖੰਡਨ ਕੀਤਾ ਜਾਵੇਗਾ। ਉਨ੍ਹਾਂ ਮੀਡੀਆ ਨੂੰ ਵੀ ਇਹ ਅਪੀਲ ਕੀਤੀ ਕਿ ਉਹ੍ਹਾਂ ਦਾ ਅਧਿਕਾਰਤ ਬਿਆਨ ਸਿਰਫ਼ ਐਡਵੋਕੇਟ ਅਮਰ ਸਿੰਘ ਚਾਹਲ ਹੀ ਜਾਰੀ ਕਰਨਗੇ। ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਸੰਪਰਕ ਕਰਨ ਤੇ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆ ਦੇ ਦਿਨਾ ਵਿੱਚ ਪੰਥਕ ਜਥੇਬੰਦੀਆ ਵਿਚ ਸੰਪੂਰਨ ਏਕਤਾ ਲਈ ਕੁਝ ਨਾਮਵਾਰ ਜਥੇਬੰਦੀਆ ਦੇ ਆਗੂਆਂ ਵਲੋਂ ਅਸਤੀਫ਼ੇ ਸੌਂਪੇ ਜਾ ਸਕਦੇ ਹਨ। 

ਭਾਈ ਹਵਾਰਾ ਨੇ ਬਰਗਾੜੀ ਮੋਰਚੇ ਸਬੰਧੀ ਦੂਸ਼ਣਬਾਜੀ ਨਾ ਕਰਨ ਅਤੇ ਸੰਘਰਸ਼ ਦੇ ਅਗਲੇ ਪੜਾਅ ਦੀ ਸਰਪ੍ਰਸਤੀ ਲਈ ਸਰਬ ਪ੍ਰਮਾਨਤ ਪੰਜ ਮੈਂਬਰੀ ਕਮੇਟੀ ਦੀ ਚੋਣ ਕਰਨ ਲਈ ਜੋਰ ਦਿੰਦਿਆ ਕਿਹਾ ਕਿ ਪਿਛਲੇ ਦਿਨਾਂ ਦੇ ਘਟਨਾਕ੍ਰਮ ਨਾਲ ਪੰਥ ਵਿਚ ਬੈਚੇਨੀ ਵੀ ਪੈਦਾ ਹੋਈ ਹੈ ਤੇ ਮਾਯੂਸੀ ਵੀ, ਕਾਰਨ ਭਾਵੇਂ ਕੋਈ ਵੀ ਹੋਵੇ, ਸਿੱਖ ਸੰਗਤਾਂ ਦਾ ਉਤਸ਼ਾਹ ਜੋ ਪਿਛਲੇ ਕੁਝ ਮਹੀਨਿਆਂ ਤੋਂ ਦਿਸ ਰਿਹਾ ਸੀ, ਉਸ ਨੂੰ ਇਕ ਸੱਟ ਜ਼ਰੂਰ ਵੱਜੀ ਹੈ।

ਅਸਲ ਵਿਚ ਕੌਮ ਨੇ 1947 ਤੋਂ ਪਹਿਲਾਂ ਜਿਸ ਆਹਜ਼ਾਦੀ ਲਈ ਗੁਰੂ ਕੇ ਸਿੰਘਾਂ- ਸਿੰਘਣੀਆਂ ਨੇ ਲੰਮੀ ਲੜਾਈ ਲੜੀ ਕੁੱਟਾਂ ਖਾਦੀਆ, ਕੈਦਾਂ ਕੱਟੀਆ ਤਸੀਹੇ ਝੱਲੇ ਤੇ ਫਾਂਸੀਆ ਚੁੰਮੀਆਂ, ਉਹ ਆਜ਼ਾਦੀ ਦੀ ਲੜਾਈ ਮੌਕੇ ਦੇ ਸਿੱਖ ਲੀਡਰਾਂ ਦੀ ਨਲਾਇਕੀ ਕਾਰਨ ਜਿੱਤ ਕੇ ਵੀ ਸਿੱਖ ਕੌਮ ਅਖ਼ੀਰ ਹਾਰ ਗਈ। ਕੌਮ ਦੀ ਜਿੱਤੀ ਹੋਈ ਲੜਾਈ ਲੀਡਰਾਂ ਕਾਰਨ ਵਾਰ ਵਾਰ ਅਖ਼ੀਰ 'ਤੇ ਆ ਕੇ ਹਾਰ ਜਾਣਾ ਸਾਡਾ ਕੌਮੀ ਦੁਖਾਂਤ ਬਣਦਾ ਜਾ ਰਿਹਾ ਹੈ। ਸੰਘਰਸ਼ ਜਿੰਨਾ ਔਖਾ ਹੋਵੇ ਜਿੱਤ ਉਨੀ ਸ਼ਾਨਦਾਰ  ਜਿੱਤ ਹੁੰਦੀ ਏ।