ਅੰਮ੍ਰਿਤਸਰ ਦੇ ਸਿੱਖ ਬੱਚੇ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਅਨੋਖੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੇਪਰ ਤੋਂ ਤਿਆਰ ਕੀਤਾ ਸਾਰਾਗੜ੍ਹੀ ਸਰਾਂ ਅਤੇ ਸਿੱਖ ਸ਼ਹੀਦਾਂ ਦਾ ਮਾਡਲ

Sikh child made Model of Saragarhi Sarai and Sikh Martyrs

ਅੰਮ੍ਰਿਤਸਰ: ਅੱਜ ਸਮੁੱਚੀ ਸਿੱਖ ਕੌਮ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਅਨੋਖੇ ਤਰੀਕੇ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ। ਦਰਅਸਲ ਇਸ ਛੋਟੇ ਸਿੱਖ ਬੱਚੇ ਨੇ ਫਿਲਮ ਕੇਸਰੀ ਤੋਂ ਪ੍ਰਭਾਵਿਤ ਹੋ ਕੇ ਸਾਰਾਗੜ੍ਹੀ ਸਰਾਂ ਅਤੇ 21 ਸਿੱਖ ਸ਼ਹੀਦਾਂ ਦਾ ਮਾਡਲ ਤਿਆਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਬੱਚੇ ਵੱਲੋਂ ਦਿਖਾਈ ਕਲਾ ਦੀ ਤਾਰੀਫ਼ ਕਰ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਰਾਗੜ੍ਹੀ ਸਾਕੇ ਨੂੰ ਵਾਪਰਿਆਂ ਅੱਜ 123 ਸਾਲ ਹੋ ਚੁੱਕੇ ਹਨ। ਇਸ ਲਈ ਉਸ ਨੇ ਇਹ ਮਾਡਲ ਬਣਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਸਾਰਾਗੜ੍ਹੀ ਦੇ ਸ਼ਹੀਦਾਂ 'ਤੇ ਬਣੀ ਫਿਲਮ ਕੇਸਰੀ ਤੋਂ ਕਾਫ਼ੀ ਜ਼ਿਆਦਾ ਪ੍ਰਭਾਵਤ ਹੋਇਆ ਅਤੇ ਉਸ ਨੇ ਕਈ ਵਾਰ ਇਸ ਫ਼ਿਲਮ ਨੂੰ ਦੇਖਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਹੀ ਉਸ ਦੇ ਮਨ ਵਿਚ ਇਹ ਮਾਡਲ ਬਣਾਉਣ ਦਾ ਵਿਚਾਰ ਆਇਆ।

ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਇਹ ਮਾਡਲ ਤਿਆਰ ਕਰਨ ਲਈ  ਲਗਭਗ ਸਵਾ ਦੋ ਮਹੀਨੇ ਦਾ ਸਮਾਂ ਲੱਗਿਆ ਤੇ ਉਹ ਹਰ ਰੋਜ਼ ਤਿੰਨ ਤੋਂ ਚਾਰ ਘੰਟੇ ਇਸ ਮਾਡਲ ‘ਤੇ ਲਗਾਉਂਦਾ ਸੀ। ਇਸ ਮਾਡਲ ਨੂੰ ਬਣਾਉਣ ਲਈ ਉਸ ਨੇ ਪੇਪਰ ਆਦਿ ਦੀ ਵਰਤੋਂ ਕੀਤੀ। ਅੰਮ੍ਰਿਤਪਾਲ ਸਿੰਘ ਨੂੰ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਵੀ ਚੰਗੀ ਤਰ੍ਹਾਂ ਪਤਾ ਹੈ, ਇਹ ਜਾਣਕਾਰੀ ਉਸ ਨੂੰ ਕੇਸਰੀ ਫਿਲਮ ਦੇਖ ਦੇ ਪ੍ਰਾਪਤ ਹੋਈ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਵੀ ਇਕ ਮਸ਼ਹੂਰ ਪੇਪਰ ਆਰਟਿਸਟ ਹਨ, ਜੋ ਹੁਣ ਤਕ ਪੇਪਰ ਤੋਂ ਅਨੇਕਾਂ ਸਿੱਖ ਇਤਿਹਾਸਕ ਮਾਡਲ ਬਣਾ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿਚ ਅਪਣੇ ਪਿਤਾ ਦੀ ਤਰ੍ਹਾਂ ਹੀ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਕਈ ਮਾਡਲ ਤਿਆਰ ਕਰਨਾ ਚਾਹੁੰਦੇ ਹਨ।