ਬਾਦਲਾਂ ਦੇ ਕਹਿਣ 'ਤੇ ਸੌਦਾ ਸਾਧ ਨੂੰ ਮਾਫ਼ ਕਰਨ ਵਾਲੇ ਜਥੇਦਾਰਾਂ ਦਾ ਕੋਈ ਵਜੂਦ ਨਹੀਂ : ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਨਸਾਫ਼ ਮੋਰਚਾ ਬਰਗਾੜੀ ਦੇ ਆਗੂਆਂ ਨੇ ਕਰਤਾਰਪੁਰ ਲਾਂਘੇ ਵਾਲੇ ਰਸਤੇ ਦੀ ਸੜਕ ਬਣਾਉਣ ਲਈ ਪੇਸ਼ਕਸ਼ ਕਰਦਿਆਂ..........

Baljit Singh Daduwal

ਕੋਟਕਪੂਰਾ : ਇਨਸਾਫ਼ ਮੋਰਚਾ ਬਰਗਾੜੀ ਦੇ ਆਗੂਆਂ ਨੇ ਕਰਤਾਰਪੁਰ ਲਾਂਘੇ ਵਾਲੇ ਰਸਤੇ ਦੀ ਸੜਕ ਬਣਾਉਣ ਲਈ ਪੇਸ਼ਕਸ਼ ਕਰਦਿਆਂ ਕਿਹਾ ਕਿ ਉਹ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਰਸਤਾ ਬਣਾ ਦੇਣਗੇ ਅਤੇ ਬਾਦਲਾਂ ਨੂੰ ਉਕਤ ਲਾਂਘੇ ਵਾਲਾ ਰਸਤਾ ਬਣਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਕਿਉਂਕਿ ਲਿਖ ਕੇ ਪੜ੍ਹੀਆਂ ਜਾਣ ਵਾਲੀਆਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਗ਼ਲਤ ਪੜ੍ਹ ਕੇ ਬੇਅਦਬੀ ਕਰਨ ਵਾਲੇ ਬਾਦਲਾਂ ਤੋਂ ਪੰਥਕ ਕਾਰਜਾਂ ਵਾਲੇ ਸਾਰੇ ਅਧਿਕਾਰ ਖੋਹ ਲੈਣੇ ਚਾਹੀਦੇ ਹਨ।

ਪੰਥਕ ਮੰਗਾਂ ਦੀ ਪੂਰਤੀ ਨੂੰ ਲੈ ਕੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਲਾਏ ਗਏ ਮੋਰਚੇ ਦੇ 181ਵੇਂ ਦਿਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਬਾਦਲਾਂ ਦੀ ਅਧੀਨਗੀ ਵਾਲੇ ਸਰਕਾਰੀ ਜਥੇਦਾਰਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਰਕਾਰ ਤੋਂ ਰਿਹਾਈ ਦੀ ਮੰਗ ਕਰ ਕੇ ਬਾਕੀ ਸਾਰੇ ਬੰਦੀ ਸਿੰਘਾਂ 'ਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸਾਰੇ ਬੰਦੀ ਸਿੰਘਾਂ ਨੇ ਪੰਥ ਲਈ ਇਕੋ ਜਿਹਾ ਯੋਗਦਾਨ ਪਾਇਆ, ਇਸ ਲਈ ਇਨਸਾਫ਼ ਮੋਰਚਾ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ।

ਉਨ੍ਹਾਂ ਕਿਹਾ ਕਿ ਪੰਥਦੋਖੀ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਸਿਆਸੀ ਜਥੇਦਾਰਾਂ ਦਾ ਹੁਣ ਕੋਈ ਵਜ਼ੂਦ ਨਹੀਂ ਰਹਿ ਗਿਆ। ਗੁਰਬਾਣੀ ਦੀਆਂ ਪੰਗਤੀਆਂ ਦਾ ਲਗਾਤਾਰ ਇਕ ਤੋਂ ਵੱਧ ਵਾਰ ਗ਼ਲਤ ਉਚਾਰਣ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਨੁਕਤਾਚੀਨੀ ਕਰਦਿਆਂ ਭਾਈ ਦਾਦੂਵਾਲ ਨੇ ਪੁਛਿਆ ਕਿ ਕਲ ਤਕ ਨਵਜੋਤ ਸਿੰਘ ਸਿੱਧੂ ਨੂੰ ਆਈਐਸਆਈ ਦਾ ਏਜੰਟ ਦਸਣ ਵਾਲੀ ਬੀਬੀ ਬਾਦਲ ਅੱਜ ਕਿਹੜੇ ਮੂੰਹ ਨਾਲ ਪਾਕਿਸਤਾਨ ਗਈ ਹੈ?

ਉਨ੍ਹਾਂ ਮਹਿਜ ਦੋ ਦਿਨ ਪਹਿਲਾਂ ਕਰਤਾਰਪੁਰ ਲਾਂਘੇ ਲਈ ਰੱਖੇ ਨੀਂਹ ਪੱਥਰ ਦੇ ਭੇਤਭਰੀ ਹਾਲਤ 'ਚ ਗੁੰਮ ਹੋ ਜਾਣ ਨੂੰ ਵੀ ਸ਼ਰਮਨਾਕ ਅਤੇ ਚਿੰਤਾਜਨਕ ਦਸਿਆ। ਉਨ੍ਹਾਂ ਦੁਹਰਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਾਲੀਆਂ ਪੰਥਕ ਮੰਗਾਂ ਦੀ ਪੂਰਤੀ ਤਕ ਮੋਰਚਾ ਜਾਰੀ ਰਹੇਗਾ ਤੇ ਉਕਤ ਮੰਗਾਂ ਸਬੰਧੀ ਗੱਲਬਾਤ ਵੀ ਇਸੇ ਥਾਂ ਅਰਥਾਤ ਬਰਗਾੜੀ ਦੀ ਧਰਤੀ 'ਤੇ ਹੀ ਹੋਵੇਗੀ।

Related Stories