ਪੰਜਾਬੀ ਕੁੜੀ ਅਨਮੋਲਜੀਤ ਕੌਰ ਘੁੰਮਣ ਦੀ ਪਾਪਾਕੁਰਾ ਹਲਕੇ ਤੋਂ ਯੂਥ ਐਮ.ਪੀ. ਵਜੋਂ ਹੋਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਹੋਰ ਉਚਾ ਹੋ ਗਿਆ ਜਦੋਂ ਇਕ 18 ਸਾਲਾ ਪੰਜਾਬੀ ਕੁੜੀ ਅਨਮੋਲਜੀਤ ਕੌਰ....

Anmoljit Kaur

ਔਕਲੈਂਡ, 12 ਦਸੰਬਰ (ਹਰਜਿੰਦਰ ਸਿੰਘ ਬਸਿਆਲਾ): ਇਥੇ ਵਸਦੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਹੋਰ ਉਚਾ ਹੋ ਗਿਆ ਜਦੋਂ ਇਕ 18 ਸਾਲਾ ਪੰਜਾਬੀ ਕੁੜੀ ਅਨਮੋਲਜੀਤ ਕੌਰ ਘੁੰਮਣ ਦੀ ਹਲਕਾ ਪਾਪਾਕੁਰਾ ਤੋਂ 'ਯੂਥ ਐਮ.ਪੀ.' ਵਜੋਂ ਚੋਣ ਕਰ ਲਈ ਗਈ। ਪਾਪਾਕੁਰਾ ਹਲਕੇ ਤੋਂ ਸੰਸਦ ਮੈਂਬਰ ਜੂਠਿਤ ਕੌਲਿਨ ਵਲੋਂ ਇਹ ਚੋਣ ਕੀਤੀ ਗਈ ਹੈ। ਇਸ ਜ਼ਿੰਮੇਵਾਰੀ ਦੀ ਮਿਆਦ ਅਗਲੇ ਸਾਲ 1 ਮਾਰਚ ਤੋਂ ਲੈ ਕੇ 31 ਅਗੱਸਤ ਤਕ ਹੋਵੇਗੀ। ਇਸ ਦੌਰਾਨ ਇਹ ਕੁੜੀ ਪਾਪਾਕੁਰਾ ਦੀ ਮੌਜੂਦਾ ਸੰਸਦ ਮੈਂਬਰ ਦੀ ਪ੍ਰਤੀਨਿਧੀ ਬਣ ਕੇ ਪਾਰਲੀਮੈਂਟ ਦੇ ਵਿਚ ਜੁਲਾਈ ਮਹੀਨੇ ਹੋਣ ਵਾਲੇ 'ਯੂਥ ਸੈਸ਼ਨ' ਵਿਚ ਜਾਵੇਗੀ।

ਜਿਵੇਂ ਕਹਿੰਦੇ ਨੇ ਹੋਣਹਾਰ ਬੱਚੇ ਛੁਪੇ ਨਹੀਂ ਰਹਿੰਦੇ ਇਹ ਕੁੜੀ ਜਦੋਂ 17 ਸਾਲ ਦੀ ਸੀ ਤਾਂ ਯੂਨਾਈਟਿਡ ਨੇਸ਼ਨਜ਼ ਲਈ ਹਾਈ ਸਕੂਲ ਦੀ ਅੰਬੈਸਡਰ ਬਣੀ ਸੀ। ਯੂਥ. ਐਮ. ਪੀ. ਦੇ ਕਾਰਜਕਾਲ ਦੌਰਾਨ ਇਹ ਕੁੜੀ ਯੂਥ ਕੌਂਸਲ ਅਤੇ ਯੂਨਾਈਟਿਡ ਨੇਸ਼ਨ ਯੂਥ ਮਾਮਲਿਆਂ ਉਤੇ ਅਪਣੇ ਵਿਚਾਰ ਪੇਸ਼ ਕਰੇਗੀ। ਪਿਤਾ ਸ. ਗੁਰਜਿੰਦਰ ਸਿੰਘ ਘੁੰਮਣ (ਇਮੀਗ੍ਰੇਸ਼ਨ ਸਲਾਹਕਾਰ) ਅਤੇ ਮਾਤਾ ਕੁਲਜੀਤ ਕੌਰ (ਅਧਿਆਪਕਾ) ਘੁੰਮਣ ਦੀ ਇਹ ਛੋਟੀ ਬੇਟੀ ਜਦੋਂ ਡੇਢ ਕੁ ਸਾਲ ਸੀ ਤਾਂ ਮੋਗਾ ਸ਼ਹਿਰ ਤੋਂ ਇਥੇ ਪਹੁੰਚੀ ਸੀ। ਇਸ ਨਾਲ ਹੀ ਉਹ ਅਗਲੇ ਸਾਲ ਲਾਅ ਐਂਡ ਕਾਮਰਸ ਦੀ ਡਿਗਰੀ ਵੀ ਸ਼ੁਰੂ ਕਰ ਦੇਵੇਗੀ।

ਜੁਲਾਈ ਮਹੀਨੇ ਇਹ ਕੁੜੀ ਦੇਸ਼ ਭਰ ਵਿਚੋਂ ਚੁਣ ਕੇ ਗਏ 119 ਹੋਰ ਯੂਥ ਐਮ.ਪੀਜ਼ ਦੇ ਨਾਲ ਮਿਲ ਕੇ ਪਾਰਲੀਮੈਂਟ ਵਿਚ ਬੈਠੇਗੀ। ਸ਼ਾਵਾ ਇਹ ਕੁੜੀ ਦੇਸ਼ ਦੀ ਪਾਰਲੀਮੈਂਟ ਵਿਚ ਪਹਿਲੇ ਕਦਮ ਤੋਂ ਬਾਅਦ ਲਗਾਤਾਰ ਪਹੁੰਚ ਬਣਾਉਣ ਵਿਚ ਸਫ਼ਲ ਹੋਵੇ। ਕਮਿਊਨਿਟੀ ਵਲੋਂ ਸਮੁੱਚੇ ਪਰਵਾਰ ਨੂੰ ਵਧਾਈ।