14 ਅਕਤੂਬਰ ਨੂੰ 5 ਵੱਖੋ-ਵਖਰੀਆਂ ਥਾਵਾਂ 'ਤੇ ਕੀਤੇ ਜਾ ਰਹੇ ਹਨ ਸ਼ਰਧਾਂਜਲੀ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਿਆਨ ਸਿੰਘ ਮੰਡ ਤੇ ਸਿਮਰਨਜੀਤ ਸਿੰਘ ਮਾਨ ਦਾ ਸਮਾਗਮ ਬਹਿਬਲ ਵਿਖੇ

Behbal Kalan firing

ਕੋਟਕਪੂਰਾ : ਕਰੀਬ 4 ਸਾਲ ਪਹਿਲਾਂ 14 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਤੋਂ ਇਕ ਮਹੀਨੇ ਬਾਅਦ 10 ਨਵੰਬਰ ਨੂੰ ਕੁੱਝ ਪੰਥਕ ਅਖਵਾਉਂਦੀਆਂ ਜਥੇਬੰਦੀਆਂ ਵਲੋਂ ਕੀਤੇ ਗਏ ਸਰਬੱਤ ਖ਼ਾਲਸਾ ਦੌਰਾਨ ਚੁਣੇ ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਇਸ ਵਾਰ ਬੇਅਦਬੀ ਕਾਂਡ ਦਾ ਰੋਸ ਵੱਖੋ ਵਖਰੇ ਤੌਰ 'ਤੇ ਮਨਾਉਣਗੇ। ਭਾਈ ਜਗਤਾਰ ਸਿੰਘ ਹਵਾਰਾ ਵਲੋਂ ਅਜੇ ਤਕ ਕੋਈ ਬਿਆਨ ਨਹੀਂ ਆਇਆ, ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਵੱਖੋ ਵਖਰੇ ਸਮਾਗਮ ਕਰ ਰਹੇ ਹਨ ਜਦਕਿ ਅਮਰੀਕ ਸਿੰਘ ਅਜਨਾਲਾ ਨੇ ਅਜੇ ਖ਼ੁਦ ਨੂੰ ਉਕਤ ਸਮਾਗਮਾਂ ਤੋਂ ਪਾਸੇ ਰਖਿਆ ਹੋਇਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਬਰਗਾੜੀ ਦੀ ਉਸ ਦਾਣਾ ਮੰਡੀ ਦੀ ਕੰਡਿਆਲੀ ਤਾਰ ਨਾਲ ਘੇਰਾਬੰਦੀ ਕਰ ਕੇ ਉਥੇ ਧਾਰਾ 144 ਲਾ ਦਿਤੀ ਹੈ, ਜਿਥੇ ਪਿਛਲੇ ਸਾਲ 1 ਜੂਨ 2018 ਤੋਂ 9 ਦਸੰਬਰ ਤਕ ਲਗਾਤਾਰ ਸਵਾ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਇਨਸਾਫ਼ ਮੋਰਚਾ ਚਲਦਾ ਰਿਹਾ, ਪਰ ਹੁਣ ਸੁਖਪਾਲ ਸਿੰਘ ਖਹਿਰਾ ਅਤੇ ਬਲਜੀਤ ਸਿੰਘ ਦਾਦੂਵਾਲ ਵਲੋਂ ਸ਼ਰਧਾਂਜਲੀ ਸਮਾਗਮ ਬਰਗਾੜੀ ਦੇ ਵੱਡੇ ਖੇਡ ਸਟੇਡੀਅਮ ਵਿਚ ਹੋਵੇਗਾ। ਜਦਕਿ ਭਾਈ ਧਿਆਨ ਸਿੰਘ ਮੰਡ ਅਤੇ ਸਿਮਰਨਜੀਤ ਸਿੰਘ ਮਾਨ ਦੇ ਧੜੇ ਵਲੋਂ ਵਖਰੇ ਤੌਰ 'ਤੇ ਪਿੰਡ ਬਹਿਬਲ ਦੇ ਗੁਰਦਵਾਰਾ ਟਿੱਬੀ ਸਾਹਿਬ ਵਿਖੇ ਸਮਾਗਮ ਕੀਤਾ ਜਾਵੇਗਾ। ਬਹਿਬਲ ਗੋਲੀਕਾਂਡ ਵਿਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਗੁਰਜੀਤ ਸਿੰਘ ਸਰਾਵਾਂ ਦਾ ਪਰਵਾਰ ਮੰਡ ਵਾਲੇ ਪਾਸੇ ਜਦਕਿ ਕਿਸ਼ਨ ਭਗਵਾਨ ਸਿੰਘ ਦਾ ਪਰਵਾਰ ਦਾਦੂਵਾਲ ਵਾਲੇ ਸਮਾਗਮ 'ਚ ਹਾਜ਼ਰੀ ਲਾਵੇਗਾ।

ਬਹਿਬਲ ਅਤੇ ਸਰਾਵਾਂ ਦੇ ਸ਼ਹੀਦ ਪਰਵਾਰਾਂ ਵਲੋਂ ਆਪੋ ਅਪਣੇ ਤੌਰ 'ਤੇ ਵੀ ਵੱਖੋ ਵਖਰੇ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ। ਦਰਬਾਰ ਏ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਵਾਲੀ ਟੀਮ ਬੱਤੀਆਂ ਵਾਲੇ ਚੌਕ ਕੋਟਕਪੂਰਾ ਵਿਖੇ ਸਵੇਰੇ ਤੜਕਸਾਰ ਲਾਹਨਤ ਦਿਹਾੜਾ ਮਨਾਉਣ ਤੋਂ ਬਾਅਦ ਫਿਰ ਬਰਗਾੜੀ ਵਿਖੇ ਸੁਖਪਾਲ ਖਹਿਰਾ ਦੇ ਸਮਾਗਮ 'ਚ ਪੁੱਜੇਗੀ। ਸੁਖਪਾਲ ਖਹਿਰਾ ਅਨੁਸਾਰ ਉਨ੍ਹਾਂ ਅਕਾਲੀ ਦਲ ਬਾਦਲ ਤੋਂ ਬਿਨਾਂ ਸਾਰੀਆਂ ਧਿਰਾਂ ਨੂੰ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ।

ਪੁਲਿਸ ਪ੍ਰਸ਼ਾਸਨ ਨੇ ਸ਼ਰਧਾਂਜਲੀ ਸਮਾਗਮਾਂ ਵਾਲੀਆਂ ਥਾਵਾਂ 'ਤੇ ਸੀਸੀਟੀਵੀ ਕੈਮਰੇ ਲਾਉਣ ਦੇ ਨਾਲ-ਨਾਲ ਬਕਾਇਦਾ ਤੌਰ 'ਤੇ ਪੁਲਿਸ ਨਾਕੇ ਵੀ ਲਾ ਦਿਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋੜ ਪਈ ਤਾਂ ਹੋਰ ਵਾਧੂ ਪੁਲਿਸ ਬਲ ਵੀ ਤੈਨਾਤ ਕੀਤੇ ਜਾਣਗੇ।