ਨਿਹੰਗ ਸਿੰਘਾਂ ਵਲੋਂ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਭਲਕੇ ਕਢਿਆ ਜਾਵੇਗਾ ਮਹੱਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ : ਬਾਬਾ ਬਲਬੀਰ ਸਿੰਘ 

Baba Balbir Singh

ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ): ਸ਼੍ਰੋਮਣੀ ਪੰਥ  ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਾਘੀ ਦੀ ਪੁਰਬ ਸੰਧਿਆਂ ਮੌਕੇ ਸਿੱਖ ਕੌਮ ਦੇ ਨਾਮ ਸ਼ੰਦੇਸ ਜਾਰੀ ਕਰਦਿਆਂ ਕਿਹਾ ਕਿ ਮਾਘੀ ਦੇ ਪਾਵਨ ਦਿਹਾੜੇ ’ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਸੰਗਤਾਂ ਵੱਡੀ ਗਿਣਤੀ ਵਿਚ ਪੁਜਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਦਿਹਾੜਾ ਭੁੱਲਾਂ ਬਖ਼ਸ਼ਾਉਣ ਵਾਲਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਅਪਣੀ ਭੁੱਲ ਬਖ਼ਸ਼ਾਈ ਤੇ ਵੱਖ-ਵੱਖ ਖ਼ਿਤਾਬਾਂ ਦੀਆਂ ਗੁਰੂ ਸਾਹਿਬ ਤੋਂ ਬਖ਼ਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਲੀ ਸ਼ਹੀਦ ਸਿੰਘਾਂ ਨੂੰ ਮੁਕਤੀ ਪਦ ਬਖ਼ਸ਼ ਕੇ ਇਸ ਢਾਬ ਦਾ ਨਾਮ ਮੁਕਤਸਰ ਰਖਿਆ। ਉਨ੍ਹਾਂ ਕਿਹਾ ਚਾਲੀ ਮੁਕਤਿਆਂ ਦੇ ਸ਼ਹੀਦੀ ਅਸਥਾਨ ਤੇ ਮੁਕਤਸਰ ਸ਼ਹਿਰ ਵਸਿਆ ਹੈ।

ਉਨ੍ਹਾਂ ਨੇ ਅਪਣੇ ਸੰਦੇਸ਼ ਵਿਚ ਕਿਹਾ ਕਿ ਧਰਮ ਪ੍ਰਤੀ ਕੁਰਬਾਨੀ, ਬਲੀਦਾਨ ਤੇ ਸ਼ਹਾਦਤ ਦਾ ਸੰਕਲਪ ਗੁਰੂ ਸਾਹਿਬ ਨੇ ਹੀ ਰੋਸ਼ਨ ਕੀਤਾ। ਸ਼ਹੀਦੀ ਪ੍ਰੰਪਰਾ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ, ਨੌਵੇਂ, ਦਸਵੇਂ ਜਾਮੇ ਵਿਚ ਸਿੱਖ ਗੁਰੂ ਸਾਹਿਬਾਨ ਨੇ ਆਪ ਸ਼ਹੀਦੀ ਦੇ ਕੇ ਗੁਰੂ ਨਾਨਕ ਸਾਹਿਬ ਵਲੋਂ ਸਥਾਪਤ ਸ਼ਹੀਦੀ ਪ੍ਰੰਪਰਾ ਨੂੰ ਅਮੀਰ ਕਰ ਦਿਤਾ।

ਬਾਬਾ ਬਲਬੀਰ ਨੇ ਕਿਹਾ ਕਿ ਸ਼ਹਾਦਤ ਦਾ ਸਿਧਾਂਤ ਤੇ ਪ੍ਰੰਪਰਾ ਸਿੱਖ ਇਤਿਹਾਸ, ਸਿੱਖ ਸਭਿਆਚਾਰ ਦੀ ਇਕ ਨਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ 40 ਸਿੰਘਾਂ ਦੀ ਸ਼ਹੀਦੀ ਦੇ ਇਸ ਇਤਿਹਾਸਕ ਅਧਿਆਇ ਨੂੰ ਸੰਗਤਾਂ ਵਿਚ ਵੱਖ-ਵੱਖ ਮਾਧਿਅਮ ਰਾਹੀਂ ਪ੍ਰਚਾਰਨ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੇ ਜੀਵਨ ਬਾਰੇ ਵਿਸਥਾਰਤ ਖੋਜ ਕਾਰਜ ਦੀ ਲੋੜ ਹੈ।

ਇਸੇ ਦੌਰਾਨ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਬੁੱਢਾ ਦਲ ਤੋਂ ਪੁਰਾਤਨ ਖ਼ਾਲਸਾਈ ਪ੍ਰੰਪਰਾ ਅਨੁਸਾਰ ਸਮੂਹ ਨਿਹੰਗ ਸਿੰਘ ਦਲਾਂ ਵਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਅਤੇ ਇਤਿਹਾਸਕ ਨਿਸ਼ਾਨ, ਨਿਗਾਰਿਆਂ ਦੀ ਤਾਬਿਆਂ 15 ਨੂੰ ਮਹੱਲਾ ਕਢਿਆ ਜਾਵੇਗਾ ਜੋ ਟਿੱਬੀ ਸਾਹਿਬ ਪੁੱਜ ਕੇ ਖੁਲੇ੍ਹ ਮੈਦਾਨ ਵਿਚ ਘੋੜ ਦੌੜ ਨੇਜੇਬਾਜ਼ੀ, ਗਤਕਾ ਆਦਿ ਦੇ ਜੌਹਰ ਦਿਖਾਵੇਗਾ।