ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕੇ ਸਿੱਖਾਂ ਦੇ ਇਹ ਮਸਲੇ
ਗਿਆਨੀ ਹਰਪ੍ਰੀਤ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਇਹ ਬੰਦ ਕਮਰਾ ਮੀਟਿੰਗ ਕਰੀਬ ਇਕ ਘੰਟੇ ਤੱਕ ਚੱਲੀ।
ਅੰਮ੍ਰਿਤਸਰ: ਬੀਤੇ ਦਿਨ ਪੰਜਾਬ ਫੇਰੀ ’ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਗਿਆਨੀ ਹਰਪ੍ਰੀਤ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਇਹ ਬੰਦ ਕਮਰਾ ਮੀਟਿੰਗ ਕਰੀਬ ਇਕ ਘੰਟੇ ਤੱਕ ਚੱਲੀ।
Amit Shah meeting with Akal Takht Jathedar
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਉਹਨਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ ਗੁਰਦੁਆਰਾ ਸਾਹਿਬ, ਡਾਂਗ ਮਾਰਗ, ਮੰਗੂ ਮੱਠ, ਕਸ਼ਮੀਰ-ਸ਼ਿਲਾਂਗ ਦੇ ਸਿੱਖ ਮਸਲੇ, ਸ਼੍ਰੋਮਣੀ ਕਮੇਟੀ ਵਲੋਂ ਐਕਟ 87 ਦੇ ਗੁਰਦੁਆਰਾ ਨੂੰ ਐਕਟ 85 ਅਧੀਨ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ, ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ, ਗੁੰਮਰਾਹ ਕਰਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਦਾ ਮਸਲਾ, ਅਰਧ ਸੈਨਿਕ ਬਲਾਂ ਵਿਚ ਗ੍ਰੰਥੀ ਸਿੰਘ ਦੀ ਭਰਤੀ ਆਦਿ ਮਸਲੇ ਚੁੱਕੇ ਗਏ।
Amit Shah meeting with Akal Takht Jathedar
ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “1947 ਤੋਂ ਕੇਂਦਰ ਦੀ ਸਰਕਾਰ ਵਲੋਂ ਸਿੱਖਾਂ ਨਾਲ ਕੀਤੀ ਬੇ-ਵਿਸ਼ਵਾਸੀ ਜਿਸ ਕਾਰਨ ਪੰਜਾਬ ਦੀ ਧਰਤੀ ਉੱਤੇ ਲੱਖਾਂ ਕਤਲ ਅਤੇ ਵਹਿਸ਼ੀ ਜੁਲਮਾਂ ਦੀ ਝੁੱਲੀ ਹਨੇਰੀ, ਦਿੱਲੀ ਆਦਿਕ ਸਥਾਨਾਂ ’ਤੇ ਕਾਂਗਰਸ ਵਲੋਂ ਕੀਤੀ ਸਿੱਖ ਨਸਲਕੁਸ਼ੀ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ”।
Photo
ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਇਕਬਾਲ ਸਿੰਘ ਲਾਲਪੁਰਾ, ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਅਤੇ ਮਨਜਿੰਦਰ ਸਿਰਸਾ ਵੀ ਮੌਜੂਦ ਰਹੇ।