ਗੁਰਦਵਾਰਿਆਂ 'ਚੋਂ ਮੂਰਤੀ ਪੂਜਾ ਰੋਕੇ ਬਿਨਾਂ ਗੁਰੂਆਂ ਦੀਆਂ ਮੂਰਤੀਆਂ ਵੇਚਣ ਤੋਂ ਰੋਕਣਾ ਅਸੰਭਵ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਹਿਲਾਂ ਸ਼੍ਰੋਮਣੀ ਕਮੇਟੀ ਦੋ ਤਖ਼ਤ ਸਾਹਿਬਾਨਾਂ 'ਤੇ ਰੋਕੇ ਅਜਿਹੀ ਪੂਜਾ

Jagtar Singh Jachak

ਕੋਟਕਪੂਰਾ : ਖ਼ਬਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਮੂਰਤੀਆਂ ਬਣਾ ਕੇ ਵੇਚਣ ਵਾਲੀਆਂ ਐਮਾਜ਼ੋਨ ਤੇ ਫ਼ਲਿਪਕਾਰਟ ਨਾਂਅ ਦੀਆਂ 2 ਵੈਬਸਾਈਟਾਂ ਦੀ ਕਾਰਵਾਈ ਨੂੰ ਸਿੱਖੀ ਸਿਧਾਂਤਾਂ ਦੇ ਵਿਰੁਧ ਦਸਦਿਆਂ ਕਨੂੰਨੀ ਨੋਟਿਸ ਭੇਜੇ ਹਨ। ਗੁਜਰਾਤ ਦੇ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਚ ਸਥਾਪਤ ਕੀਤੀ ਗਈ ਮੂਰਤੀ ਦਾ ਵੀ ਸਖ਼ਤ ਵਿਰੋਧ ਕੀਤਾ ਹੈ ਕਿਉਂਕਿ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਅਤੇ ਕਰਾਉਣੀ ਕਮੇਟੀ ਦਾ ਮੁੱਖ ਫ਼ਰਜ਼ ਹੈ।

ਕਮੇਟੀ ਦੀਆਂ ਉਪਰੋਕਤ ਕਾਰਵਾਈਆਂ ਸ਼ਲਾਘਾਯੋਗ ਹਨ ਪਰ 2 ਖ਼ਾਲਸਾਈ ਤਖ਼ਤ ਸਾਹਿਬਾਨਾਂ ਸਮੇਤ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਅਰਥਾਤ ਕਥਿਤ ਸਿੱਖ ਡੇਰੇ ਅਜਿਹੇ ਹਨ, ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸ਼ਰੇਆਮ ਮੂਰਤੀ ਪੂਜਾ ਹੋ ਰਹੀ ਹੈ, ਗੇਟਾਂ 'ਤੇ ਗੁਰੂ ਸਾਹਿਬਾਨ ਦੇ ਵੱਡਅਕਾਰੀ ਬੁੱਤ ਵੀ ਲਾਏ ਹੋਏ ਹਨ। ਹੁਣ ਸੁਆਲ ਖੜਾ ਹੁੰਦਾ ਹੈ ਕਿ ਅਜਿਹੀ ਬਿਪਰਵਾਦੀ ਮਨਮਤ ਨੂੰ ਕੌਣ ਰੋਕੇ? ਕੀ ਇਹ ਸਾਡੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਨਹੀਂ?

'ਰੋਜ਼ਾਨਾ ਸਪੋਕਸਮੈਨ' ਨੂੰ ਨਿਊਯਾਰਕ ਤੋਂ ਈਮੇਲ ਰਾਹੀਂ ਭੇਜੇ ਪ੍ਰੈੱਸ ਨੋਟ 'ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨੇ ਦਸਿਆ ਕਿ ਇੰਟਰਨੈੱਟ 'ਤੇ ਗੁਰਦੁਆਰਾ 'ਸੀਸ ਗੰਜ ਸਾਹਿਬ ਦਿੱਲੀ' ਦੇ ਭੋਰੇ ਵਿਚ ਹੋਣ ਵਾਲੀ ਮੂਰਤੀ ਪੂਜਾ ਦੀ ਉਹ ਫ਼ੋਟੋ ਵੀ ਉਪਲਬਧ ਹੈ ਜਿਸ ਅਸਥਾਨ ਦਾ ਹਰ ਰੋਜ਼ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁਨਹਿਰੀ ਮੂਰਤੀ ਨੂੰ ਨਵੇਂ ਹਾਰ ਪਾਉਣ ਉਪਰੰਤ ਉਸ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਂਗ ਨਵੇਂ ਰੁਮਾਲ ਵੀ ਸਜਾਏ ਜਾਂਦੇ ਹਨ, ਉਥੇ ਜੋਤ ਵੀ ਜਗਾਈ ਜਾਂਦੀ ਹੈ ਅਤੇ ਚੜ੍ਹਾਵੇ ਲਈ ਗੋਲਕ ਵੀ ਬਣਾਈ ਹੋਈ ਹੈ।

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵੀ ਇਹੀ ਹਾਲ ਹੈ। ਤਖ਼ਤ ਹਜ਼ੂਰ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਵਿਖੇ ਹੋਣ ਵਾਲੀ ਮੂਰਤੀ ਪੂਜਾ ਤਾਂ ਸਾਰੇ ਸੰਸਾਰ 'ਚ ਹਰ ਰੋਜ਼ ਟੀ.ਵੀ. 'ਤੇ ਵੀ ਵੇਖੀ ਜਾਂਦੀ ਹੈ। ਜਦਕਿ ਗੁਰਦੁਆਰੇ ਦੇ ਸਿਰਲੇਖ ਹੇਠ 'ਸਿੱਖ ਰਹਿਤ ਮਰਿਆਦਾ' 'ਚ ਸਪੱਸ਼ਟ ਲਿਖਿਆ ਹੈ ਕਿ ਗੁਰਦੁਆਰੇ ਵਿਚ ਕੋਈ ਮੂਰਤੀ ਪੂਜਾ ਜਾਂ ਗੁਰਮਤਿ ਦੇ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਗੁਰਦੁਆਰਿਆਂ 'ਚ ਮੂਰਤੀਆਂ ਬਣਾਉਣੀਆਂ ਜਾਂ ਰਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਮਨਮਤਿ ਹਨ, ਇਸ ਲਈ ਪੰਥ ਹਿੱਤਕਾਰੀ ਸੱਜਣਾਂ ਦਾ ਖ਼ਿਆਲ ਹੈ ਕਿ ਅਜਿਹੀ ਬਿਪਰਵਾਦੀ ਮਨਮਤ ਨੂੰ ਰੋਕੇ ਬਿਨਾਂ ਉਪਰੋਕਤ ਕਿਸਮ ਦੀਆਂ ਵੈੱਬਸਾਈਟਾਂ ਤੇ ਦੁਕਾਨਦਾਰਾਂ ਨੂੰ ਮੂਰਤੀਆਂ ਬਣਾਉਣ ਅਤੇ ਵੇਚਣ ਤੋਂ ਰੋਕ ਸਕਣਾ ਅਸੰਭਵ ਹੈ?