ਸਿੱਖ ਜਥੇਬੰਦੀਆਂ ਬਰਗਾੜੀ ਮੋਰਚੇ ਦੇ ਸਮਰਥਨ 'ਚ ਖੜਨ: ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਮਿਸ਼ਨਰੀ ਕਾਲਜਾਂ ਸਮੇਤ ਸਮੂਹ ਸਿੱਖ ਜਥੇਬੰਦੀਆਂ ਤੇ ਗੁਰਮਤਿ ਪ੍ਰਚਾਰਕਾਂ ਨੂੰ ਬਰਗਾੜੀ 'ਇਨਸਾਫ਼ ਮੋਰਚੇ' ਦੇ ਸਮਰਥਨ 'ਚ ਖੜੇ ਹੋਣਾ ਚਾਹੀਦਾ.....

Jagtar Singh Jachak

ਕੋਟਕਪੂਰਾ :- ਸਿੱਖ ਮਿਸ਼ਨਰੀ ਕਾਲਜਾਂ ਸਮੇਤ ਸਮੂਹ ਸਿੱਖ ਜਥੇਬੰਦੀਆਂ ਤੇ ਗੁਰਮਤਿ ਪ੍ਰਚਾਰਕਾਂ ਨੂੰ ਬਰਗਾੜੀ 'ਇਨਸਾਫ਼ ਮੋਰਚੇ' ਦੇ ਸਮਰਥਨ 'ਚ ਖੜੇ ਹੋਣਾ ਚਾਹੀਦਾ ਹੈ ਕਿਉਂਕਿ ਮੋਰਚੇ ਦਾ ਲੁਕਵਾਂ ਏਜੰਡਾ ਭਾਵੇਂ ਕੁੱਝ ਵੀ ਹੋਵੇ ਪਰ ਪ੍ਰਤੱਖ ਰੂਪ 'ਚ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ 'ਐਸੇ ਨੀਚ ਕਾਰੇ' ਦੇ ਵਿਰੋਧ 'ਚ ਪ੍ਰਚਾਰਕ ਸਿੱਖ ਆਗੂਆਂ ਨਾਲ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਣ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਹੈ।

ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਪਰੋਕਤ ਅਪੀਲ ਕਰਦਿਆਂ ਅਪਣੇ ਪ੍ਰਚਾਰਕ ਵੀਰਾਂ ਨੂੰ ਇਹ ਵੀ ਯਾਦ ਕਰਵਾਇਆ ਕਿ ਸਿੱਖ ਰਾਜਨੀਤਿਕ ਆਗੂਆਂ ਦੇ ਰੂਪ 'ਚ ਗੁਰਦਵਾਰਿਆਂ ਰਾਹੀਂ ਕੌਮੀ ਸਰਮਾਏ 'ਤੇ ਕਬਜ਼ੇ ਕਰੀ ਬੈਠੇ ਮਸੰਦਾਂ ਅਤੇ ਗੁਰੂ-ਦੰਭੀ ਤੇ ਬਿਪਰਵਾਦੀ ਡੇਰਦਾਰਾਂ ਨੂੰ ਨਹੀਂ ਸੁਖਾਂਦਾ ਕਿ ਗੁਰਮਤਿ ਪ੍ਰਚਾਰਕ ਕੌਮੀ ਆਗੂਆਂ ਵਜੋਂ ਉਭਰਨ। ਕਿਉਂਕਿ ਉਸ ਸਿੱਖੀ ਲਹਿਰ ਕਾਰਨ ਗੁਰਦੁਆਰਾ ਪ੍ਰਬੰਧ ਤੇ ਕੌਮ ਦੀ ਧਾਰਮਕ ਅਗਵਾਈ ਉਨ੍ਹਾਂ ਹੱਥੋਂ ਖੁਸਣ ਦਾ ਖ਼ਤਰਾ ਪੈਦਾ ਹੋ ਗਿਆ ਸੀ,

ਇਸ ਡਰ 'ਚੋਂ ਹੀ ਪੈਦਾ ਹੋਇਆ ਸੀ ਸਰਬੱਤ ਖ਼ਾਲਸਾ ਦੇ ਜਜ਼ਬਾਤੀ ਨਾਮ ਹੇਠ ਉਹ ਬੇਮੁਹਾਰਾ ਕੌਮੀ ਇਕੱਠ ਜਿਸ ਦੀ ਧੜੇਬੰਦਕ ਦੁਰਵਰਤੋਂ ਕਰਦਿਆਂ ਪਹਿਲਾਂ ਤੁਹਾਨੂੰ ਘਰੋ-ਘਰੀਂ ਬਿਠਾਇਆ ਅਤੇ ਫਿਰ ਹੁਣ ਉਹੀ ਮੋਰਚਾ ਮੁੜ ਸੁਰਜੀਤ ਕਰ ਲਿਆ ਹੈ ਕਿਉਂਕਿ ਮੋਰਚੇ ਪਿੱਛੇ ਬੈਠੇ ਆਗੂ ਵੀ ਪਹਿਲਾਂ ਵਾਂਗ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋ ਕੇ ਅਪਣੇ ਮਨੋਰਥ ਪੂਰੇ ਕਰਨ ਦੀ ਆੜ 'ਚ ਹਨ

ਪਰ ਵੀਰੋ ਕੁੱਝ ਵੀ ਹੋਵੇ, ਤੁਹਾਡਾ ਫਿਰ ਵੀ ਫ਼ਰਜ਼ ਬਣਦਾ ਹੈ ਕਿ ਤੁਸੀਂ ਇਸ ਮੋਰਚੇ ਦਾ ਸਮਰਥਨ ਕਰੋ ਤੇ ਅਜਿਹਾ ਕਰਦਿਆਂ ਨਾਲ ਇਹ ਪੱਖ ਵੀ ਸਪੱਸ਼ਟ ਕਰ ਦਿਉ ਕਿ ਅਸੀਂ ਭਾਈ ਧਿਆਨ ਸਿੰਘ ਮੰਡ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਤਖ਼ਤਾਂ ਦੇ ਮੁਤਵਾਜ਼ੀ ਜਥੇਦਾਰਾਂ ਵਜੋਂ ਮਾਨਤਾ ਨਹੀਂ ਦਿੰਦੇ।