'ਕੌਰ' ਸ਼ਬਦ ਦੀ ਵਰਤੋਂ ਨਾ ਕਰੇ ਸਨੀ ਲਿਓਨੀ: ਸ਼੍ਰੋਮਣੀ ਕਮੇਟੀ
ਬਾਲੀਵੁੱਡ ਦੀ ਹਸੀਨ ਅਦਾਕਾਰਾ ਸਨੀ ਲਿਓਨੀ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ.............
ਮੁੰਬਈ : ਬਾਲੀਵੁੱਡ ਦੀ ਹਸੀਨ ਅਦਾਕਾਰਾ ਸਨੀ ਲਿਓਨੀ ਦੀ ਜ਼ਿੰਦਗੀ 'ਤੇ ਬਣੀ ਬਾਇਓਪਿਕ ਇਨ੍ਹੀਂ ਦਿਨੀਂ ਕਾਫ਼ੀ ਸੁਰਖ਼ੀਆਂ ਬਟੋਰ ਰਹੀ ਹੈ। ਸਨੀ ਦੀ ਫਿਲਮ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ' ਦਾ ਟ੍ਰੇਲਰ ਜਾਰੀ ਹੋ ਚੁਕਿਆ ਹੈ, ਜਿਸ ਵਿਚ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਅਣਸੁਣੇ ਪਹਿਲੂਆਂ 'ਤੇ ਗੱਲ ਕੀਤੀ ਗਈ ਹੈ। ਇਹ ਬਾਇਓਪਿਕ ਇਕ ਵੈੱਬ ਫ਼ਿਲਮ ਹੈ ਜੋ ਕਿ 16 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਪਰ ਲਗਦਾ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਕ ਵੱਡੇ ਵਿਵਾਦ ਵਿਚ ਫਸ ਗਈ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਦੇ ਨਿਰਮਾਤਾਵਾਂ ਨੇ ਹਾਲ ਹੀ ਵਿਚ ਇਕ ਟ੍ਰੇਲਰ ਲਾਂਚ ਕੀਤਾ ਸੀ।
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਫਿਲਮ ਦੇ ਨਾਮ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਦਰਅਸਲ ਸਨੀ ਦੀ ਬਾਇਓਪਿਕ ਫਿਲਮ ਦਾ ਨਾਮ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ' ਹੈ। ਕੁੱਝ ਸਾਲ ਪਹਿਲਾਂ ਪੋਰਨ ਇੰਡਸਟਰੀ ਵਿਚ ਕੰਮ ਕਰ ਚੁੱਕੀ ਸਨੀ ਲਿਓਨੀ ਨੇ ਧਰਮ ਪਰਿਵਰਤਨ ਕਰ ਲਿਆ ਸੀ ਅਤੇ ਉਸ ਸਮੇਂ ਉਸ ਨੇ ਅਪਣਾ ਨਾਮ ਵੀ ਬਦਲ ਲਿਆ ਸੀ ਪਰ ਸਨੀ ਲਿਓਨੀ ਦੀ ਬਾਇਓਪਿਕ ਦਾ ਨਾਮ ਮੇਕਰਜ਼ ਨੇ 'ਕਿਰਨਜੀਤ ਕੌਰ' ਹੀ ਰੱਖਿਆ ਹੈ। ਅਜਿਹੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਧਰਮ ਬਦਲ ਚੁਕੀ ਸਨੀ ਲਿਓਨੀ ਨੂੰ 'ਕੌਰ' ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਮੇਟੀ ਦੇ ਮੁਤਾਬਕ ਅਜਿਹਾ ਕਰਨਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਪ੍ਰਧਾਨ ਨਾਲ ਵਿਚਾਰ ਕਰ ਕੇ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕਰੇਗਾ।
ਫਿਲਹਾਲ ਇਸ ਮਾਮਲੇ ਨੂੰ ਲੈ ਕੇ ਫਿਲਮ ਮੇਕਰਜ਼ ਜਾਂ ਫਿਰ ਖ਼ੁਦ ਸਨੀ ਲਿਓਨੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਆਦਿਤਿਆ ਦੱਤ ਨੇ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਅਪਣੀ ਬਾਇਓਪਿਕ ਵਿਚ ਸਨੀ ਲਿਓਨੀ ਅਪਣਾ ਕਿਰਦਾਰ ਖ਼ੁਦ ਨਿਭਾਅ ਰਹੀ ਹੈ।
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਅਦਾਕਾਰਾ ਅਪਣੀ ਜ਼ਿੰਦਗੀ 'ਤੇ ਬਣੀ ਫਿਲਮ ਵਿਚ ਖ਼ੁਦ ਅਪਣਾ ਕਿਰਦਾਰ ਨਿਭਾਅ ਰਹੀ ਹੈ। ਫਿਲਹਾਲ ਇਸ ਫਿਲਮ ਦੇ ਨਾਮ ਨਾਲ ਵਿਵਾਦ ਦਾ ਜਨਮ ਹੋ ਚੁਕਿਆ ਹੈ, ਹੁਣ ਦੇਖਣਾ ਹੋਵੇਗਾ ਕਿ ਇਸ ਫਿਲਮ ਦਾ ਨਾਮ ਬਦਲਿਆ ਜਾਵੇਗਾ ਜਾਂ ਫਿਰ ਇਹ ਇਵੇਂ ਹੀ ਰਿਲੀਜ਼ ਹੋ ਜਾਵੇਗੀ। (ਏਜੰਸੀਆਂ)