ਸਿੱਖ ਕੌਮ ਦੇ ਸ਼ਹਾਦਤ ਭਰੇ ਇਤਿਹਾਸ ਦਾ ਪ੍ਰਮਾਣ ਹੈ ਛੋਟਾ ਘੱਲੂਘਾਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਛੋਟੇ ਘੱਲੂਘਾਰੇ ਦੇ ਮਹਾਨ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ

Photo

ਸਿੱਖ ਇਤਿਹਾਸ ਦਾ ਹਰ ਪੰਨਾ ਸ਼ਹਾਦਤ ਨਾਲ ਭਰਿਆ ਹੋਇਆ ਹੈ। ਅਠਾਰਵੀਂ ਸਦੀ ਦੇ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਭਰੇ ਸੰਘਰਸ਼ ਦੀ ਦਾਸਤਾਨ ਛੋਟਾ ਘੱਲੂਘਾਰਾ 17 ਮਈ 1746 (1 ਜੇਠ 1803 ਸੰਮਤ) ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ’ਚ ਵਾਪਰਿਆ। ਇਹ ਘੱਲੂਘਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤਕ ਚੱਲਦਾ ਰਿਹਾ।

ਇਸ ਖੂਨੀ ਦੁਖਾਂਤ ਦਾ ਮੁੱਢ ਦੀਵਾਨ ਲਖਪੱਤ ਰਾਏ ਨੇ ਬੰਨਿਆ ਸੀ। ਕਾਹਨੂੰਵਾਨ ਦਾ ਛੰਭ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਸਥਿਤ ਹੈ। ਛੋਟੇ ਘੱਲੂਘਾਰੇ ਵਿਚ ਲਗਭਗ 9 ਤੋਂ 10 ਹਜ਼ਾਰ ਸਿੱਖ ਸ਼ਹੀਰ ਹੋਏ ਅਤੇ 3 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਗ੍ਰਿਫ਼ਤਾਰ ਸਿੱਖਾਂ ਨੂੰ ਲਾਹੌਰ ਲਿਜਾ ਕੇ ਸ਼ਾਹੀ ਕਿਲੇ ਦੇ ਪਿੱਛੇ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ। ਜਿਸ ਸਥਾਨ 'ਤੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ ਬਣਿਆ ਹੋਇਆ ਸੀ। ਇਤਿਹਾਸ ਵਿਚ ਇਸ ਕਤਲੇਆਮ ਨੂੰ ਛੋਟਾ ਘੱਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।

18ਵੀਂ ਸਦੀ ਦੇ ਅੱਧ ਵਿਚ ਜਦੋਂ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਲਾਹੌਰ ਦੇ ਸੂਬੇ ਯਹੀਆ ਖਾਨ ਦੀ ਸੰਮਤੀ ਨਾਲ ਲਾਹੌਰ ਦੀਆਂ ਫੌਜਾਂ ਨੂੰ ਲਾਮਬੰਦ ਕੀਤਾ ਤੇ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਤੋਂ ਫੌਜੀ ਮਦਦ ਮੰਗ ਲਈ।

ਇਸ ਤੋਂ ਇਲਾਵਾ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕੀਤਾ ਕਿ ਸਿੱਖ ਪਹਾੜਾਂ ਵੱਲ ਨਾ ਨਿਕਲਣ। ਇਸ ਤੋਂ ਬਾਅਦ ਉਸ ਨੇ ਤਕੜੀ ਸੈਨਾ ਲੈ ਕੇ ਕਾਹਨੂੰਵਾਨ ਵਿਚ ਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਪਹਿਲਾਂ ਤਾਂ ਸਿੱਖ ਫੌਜ ਦਾ ਮੁਕਾਬਲਾ ਕਰਦੇ ਰਹੇ ਪਰ ਗਿਣਤੀ ਘੱਟ ਹੋਣ ਕਾਰਨ ਉਹਨਾਂ ਨੇ ਬਸੋਲੀ ਵੱਲ ਜਾਣਾ ਸ਼ੁਰੂ ਕੀਤਾ।

ਇਸ ਦੌਰਾਨ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵੀ ਸਿੱਖਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਕਈ ਸਿੱਖ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਿੱਖਾਂ ਨੇ ਲਖਪਤ ਰਾਏ ਦੇ ਘੇਰੇ ਨੂੰ ਤੋੜ ਕੇ ਸਤਲੁਜ ਅਤੇ ਬਿਆਸ ਪਾਸ ਕਰ ਲਿਆ ਤੇ ਉਹ ਜੰਗਲ ਵੱਲ ਜਾਣ ਲੱਗੇ ਪਰ ਇਸ ਦੌਰਾਨ ਲਗਪਤ ਰਾਏ ਦੀ ਫੌਜ ਨੇ 7 ਹਜ਼ਾਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ।