ਘੱਲੂਘਾਰਾ ਦਿਵਸ ਤੋਂ ਪਹਿਲਾਂ ਅੰਮ੍ਰਿਤਸਰ ’ਚੋਂ 2 ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨ੍ਹਾਂ ਗ੍ਰੇਨੇਡਾਂ ਦਾ ਇਸਤੇਮਾਲ ਘੱਲੂਘਾਰਾ ਦਿਵਸ ਮੌਕੇ ਕੀਤੇ ਜਾਣ ਦਾ ਖਦਸ਼ਾ

Hand Grenade

ਰਾਜਾਸਾਂਸੀ: ਘੱਲੂਘਾਰਾ ਦਿਵਸ ਤੋਂ ਪਹਿਲਾਂ ਰਾਜਾਸਾਂਸੀ ਇਲਾਕੇ ਵਿਚੋਂ ਪੁਲਿਸ ਨੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਦਰਅਸਲ, ਅੱਜ ਯਾਨੀ ਐਤਵਾਰ ਸਵੇਰੇ ਅਜਨਾਲਾ-ਅੰਮ੍ਰਿਤਸਰ ਮੁੱਖ ਰੋਡ ’ਤੇ ਪੁਲਿਸ ਵਲੋਂ ਲਗਾਏ ਨਾਕੇ ਦੌਰਾਨ 2 ਸਿੱਖ ਨੌਜਵਾਨ 2 ਜ਼ਿੰਦਾ ਹੈਂਡ ਗ੍ਰੇਨੇਡ ਸੁੱਟ ਕੇ ਫ਼ਰਾਰ ਹੋ ਗਏ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਗ੍ਰੇਨੇਡਾਂ ਦਾ ਇਸਤੇਮਾਲ 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਕੀਤਾ ਜਾਣਾ ਸੀ। ਪੁਲਿਸ ਨੂੰ ਖ਼ੁਫ਼ੀਆ ਏਜੰਸੀਆਂ ਤੋਂ ਇਨਪੁੱਟ ਪ੍ਰਾਪਤ ਹੋਇਆ ਹੈ ਕਿ ਅਤਿਵਾਦੀ ਸੰਗਠਨ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਾਸਾਂਸੀ ਦੇ ਥਾਣਾ ਮੁਖੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਐਤਵਾਰ ਸਵੇਰੇ ਅਜਨਾਲਾ-ਅੰਮ੍ਰਿਤਸਰ ਰੋਡ ’ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਕਿ ਅਜਨਾਲਾ ਵਲੋਂ ਬਿਨਾਂ ਨੰਬਰ ਤੋਂ ਮੋਟਰਸਾਈਕਲ ’ਤੇ ਸਵਾਰ ਦੋ ਸਿੱਖ ਨੌਜਵਾਨ ਬੜੀ ਤੇਜ਼ੀ ਨਾਲ ਆਉਂਦੇ ਵਿਖਾਈ ਦਿਤੇ। ਪੁਲਿਸ ਵਲੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਨ੍ਹਾਂ ਨੇ ਰੁਕਣ ਦੀ ਬਜਾਏ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ।

ਉਸ ਦੌਰਾਨ ਜਦੋਂ ਪੁਲਿਸ ਨੇ ਮੋਟਰਸਾਈਕਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਭੱਜਣ ਵਿਚ ਸਫ਼ਲ ਹੋ ਗਏ ਜਦਕਿ ਇਕ ਨੌਜਵਾਨ ਦੇ ਮੋਢੇ ’ਤੇ ਟੰਗਿਆ ਬੈਗ ਹੇਠਾਂ ਡਿੱਗ ਪਿਆ। ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚ ਗੱਤੇ ਦੇ ਡੱਬੇ ਵਿਚ 2 ਜ਼ਿੰਦਾ ਹੈਂਡ ਗ੍ਰੇਨੇਡ ਪਾਏ ਗਏ। ਜਿਸ ਦੇ ਇਕ ਪਾਸੇ ਬੀ/03 ਤੇ ਦੂਜੇ ਪਾਸੇ ਜ਼ੈੱਡ ਲਿਖਿਆ ਹੋਇਆ ਸੀ। ਦੂਜੇ ਹੈਂਡ ਗ੍ਰੇਨੇਡ ਦੇ 02/02.2001 ਤੇ ਦੂਜੇ ਪਾਸੇ ਜ਼ੈੱਡ ਲਿਖਿਆ ਸੀ। ਦੋਵੇਂ ਗ੍ਰੇਨੇਡ ਹਰੇ ਰੰਗ ਦੇ ਸੀ ਅਤੇ ਲੀਵਰ ਤੇ ਪਿੰਨ ਲੱਗੀ ਹੋਈ ਸੀ। ਬੈਗ ਵਿਚੋਂ ਇਕ ਸੈਮਸੰਗ ਕੰਪਨੀ ਦਾ ਮੋਬਾਇਲ ਵੀ ਮਿਲਿਆ ਹੈ।

ਪੁਲਿਸ ਵਲੋਂ ਜਾਂਚ ਜਾਰੀ ਹੈ ਤੇ ਪੂਰੇ ਇਲਾਕੇ ਵਿਚ ਅਲਰਟ ਜਾਰੀ ਕਰ ਦਿਤਾ ਗਿਆ ਹੈ। ਦੱਸਣਯੋਗ ਹੈ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਣਾ ਹੈ ਤੇ ਇਸ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਸੂਬੇ ਦੇ ਮਾਹੌਲ ਲਈ ਚੰਗੇ ਸੰਕੇਤ ਨਹੀਂ ਹਨ। ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਤੋਂ ਬੱਬਰ ਖ਼ਾਲਸਾ ਨਾਲ ਸਬੰਧਤ ਕਾਰਕੁੰਨ ਫੜ੍ਹੇ ਗਏ ਸਨ। ਇਸ ਸਬੰਧੀ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿਚ ਹਨ ਪਰ ਇਨ੍ਹਾਂ ਦੇ ਮਨਸੂਬਿਆਂ ਤੋਂ ਕਿਸੇ ਵੀ ਕੀਮਤ ֹ’ਤੇ ਕਾਮਯਾਬ ਹੋਣ ਨਹੀਂ ਦਿਤਾ ਜਾਵੇਗਾ।