ਘੱਲੂਘਾਰਾ ਸਮਾਗਮ 'ਤੇ ਹੁਲੜਬਾਜ਼ੀ ਪ੍ਰਤੀ ਸੰਕੋਚ ਹੋਵੇ : ਬਾਬਾ ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦੀ ਗੈਲਰੀ ਦੇ ਨਿਰਮਾਣ ਕਾਰਜ ਤੇਜ਼ੀ ਨਾਲ ਜਾਰੀ

Pic

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੁਚੱਜੀ ਅਗਵਾਈ 'ਚ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖੀ ਅਣਖ ਖ਼ਾਤਰ ਆਪਾ ਵਾਰ ਗਏ ਮਹਾਨ ਸ਼ਹੀਦਾਂ ਦੀ ਯਾਦ 'ਚ ਸ਼੍ਰੋਮਣੀ ਕਮੇਟੀ ਵਲੋਂ ਸਮੂਹ ਸਿੱਖ ਜਗਤ ਦੇ ਸਹਿਯੋਗ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਅਰਦਾਸ ਸਮਾਗਮ ਵਿਚ ਸਮੂਹ ਸਿੱਖ ਜਗਤ ਨੂੰ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਜਿਥੇ ਅਪੀਲ ਕੀਤੀ ਹੈ।

ਉਥੇ ਹੀ ਉਨ੍ਹਾਂ ਅਕਾਲ ਤਖ਼ਤ ਸਾਹਿਬ ਅਤੇ ਸ਼ਹੀਦਾਂ ਪ੍ਰਤੀ ਅਦਬ ਸਤਿਕਾਰ ਨੂੰ ਧਿਆਨ ਵਿਚ ਰਖਦਿਆਂ ਘੱਲੂਘਾਰੇ ਸਮਾਗਮ 'ਤੇ ਕਿਸੇ ਤਰ੍ਹਾਂ ਦੀ ਹੁਲੜਬਾਜ਼ੀ ਕਰਨ ਤੋਂ ਸੰਕੋਚ ਕਰਨ ਅਤੇ ਸ਼ਾਂਤਮਈ ਤਰੀਕੇ ਨਾਲ ਸ਼ਰਧਾ ਪੂਰਵਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਹਾ। ਇਸੇ ਦੌਰਾਨ ਪ੍ਰੋ: ਸਰਚਾਂਦ ਸਿੰਘ ਨੇ ਬਾਬਾ ਹਰਨਾਮ ਸਿੰਘ ਖ਼ਾਲਸਾ ਦੇ ਹਵਾਲੇ ਨਾਲ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ਼ਹੀਦੀ ਗੈਲਰੀ ਦੀ ਉਸਾਰੀ ਪ੍ਰਤੀ ਦਮਦਮੀ ਟਕਸਾਲ ਨੂੰ ਸੌਂਪੀ ਗਈ ਸੇਵਾ ਦਾ ਕਾਰਜ ਨਿਰੰਤਰ ਜਾਰੀ ਹੈ। ਪਹਿਲੇ ਪੜਾਅ ਵਜੋਂ ਫ਼ਰਸ਼ 'ਤੇ ਸੁੰਦਰ ਤੇ ਮਜ਼ਬੂਤ ਸੰਗਮਰਮਰ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁਕਿਆ ਹੈ।

ਹੁਣ ਸ਼ਹੀਦਾਂ ਦੀਆਂ ਤਸਵੀਰ ਲਗਾਉਣ ਲਈ ਹਾਲ ਨੂੰ ਵੱਖ ਵੱਖ ਹਿੱਸਿਆਂ 'ਚ ਵੰਡਣ ਅਤੇ ਤਸਵੀਰਾਂ ਲਗਾਉਣ ਲਈ ਫਰੇਮ ਤਿਆਰ ਕਰਨ ਹਿਤ ਸਟੀਲ ਫਬਰੀਕੇਟਰ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਦਮਦਮੀ ਟਕਸਾਲ ਵਲੋਂ ਤਿਆਰ ਕੀਤੀ ਗਈ ਸ਼ਹੀਦਾਂ ਦੀ ਸੂਚੀ ਦੇ 900 ਵਿਚੋਂ 70 ਫ਼ੀ ਸਦੀ ਤਸਵੀਰਾਂ ਹਾਸਲ ਕਰ ਲਈਆਂ ਗਈਆਂ ਹਨ। ਬਾਕੀ ਤਸਵੀਰਾਂ ਨੂੰ ਇੱਕਤਰ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।