ਦਰਬਾਰ-ਏ-ਖਾਲਸਾ ਵਲੋਂ 14 ਅਕਤੂਬਰ ਨੂੰ ਲਾਹਨਤ ਦਿਵਸ ਵਜੋਂ ਮਨਾਉਣ ਦਾ ਐਲਾਨ
ਜੂਨ 84 ਦੇ ਬਲਿਊ ਸਟਾਰ ਅਪ੍ਰੇਸ਼ਨ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੀ ਤਰ੍ਹਾਂ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ...........
ਕੋਟਕਪੂਰਾ : ਜੂਨ 84 ਦੇ ਬਲਿਊ ਸਟਾਰ ਅਪ੍ਰੇਸ਼ਨ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੀ ਤਰ੍ਹਾਂ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੀ ਪੁਲਿਸੀਆ ਅਤਿਆਚਾਰ ਦੀ ਘਟਨਾ ਵੀ ਸਦੀਵੀ ਬਣ ਗਈ। ਕਿਉਂਕਿ ਉੁਸ ਸਮੇਂ ਬਾਦਲ ਸਰਕਾਰ ਦੀ ਪੁਲਿਸ ਨੇ ਉਕਤ ਸਥਾਨਾਂ ਨੂੰ ਪਲਾਂ 'ਚ ਹੀ ਜਲਿਆਂਵਾਲਾ ਬਾਗ ਬਣਾ ਕੇ ਰੱਖ ਦਿਤਾ ਸੀ।
ਦਰਬਾਰ-ਏ-ਖਾਲਸਾ ਵਲੋਂ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਪੰਚਾਇਤੀ ਚੋਣਾਂ ਦਾ 14 ਅਕਤੂਬਰ ਵਾਲਾ ਦਿਨ ਨਾ ਰੱਖਣ ਦਾ ਮੰਗ ਪੱਤਰ ਸੌਂਪਦਿਆਂ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਆਖਿਆ ਕਿ ਦੇਸ਼ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੇ 14 ਅਕਤੂਬਰ ਨੂੰ ਲਾਹਨਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਭਾਈ ਮਾਝੀ ਨੇ ਆਖਿਆ ਕਿ 12 ਅਕਤੂਬਰ ਨੂੰ ਪਾਵਨ ਸਰੂਪ ਦੀ ਬੇਹੁਰਮਤੀ ਹੋਣ ਤੋਂ ਬਾਅਦ ਸੰਗਤਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਂਤਮਈ ਧਰਨਾ ਦਿਤਾ।
ਬਾਦਲ ਸਰਕਾਰ ਦੀ ਪੁਲਿਸ ਨੇ 14 ਅਕਤੂਬਰ ਨੂੰ ਤੜਕਸਾਰ ਨਿੱਤਨੇਮ ਕਰਦੀਆਂ ਸੰਗਤਾਂ ਉਪਰ ਗੰਦੇ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਦੋ ਨੌਜਵਾਨ ਸ਼ਹੀਦ ਕਰ ਦਿਤੇ, ਅਨੇਕਾਂ ਨੌਜਵਾਨਾ ਤੇ ਬਜ਼ੁਰਗਾਂ ਨੂੰ ਜ਼ਖਮੀ ਕਰ ਦਿਤਾ। ਜਿਸ ਕਰਕੇ 14 ਅਕਤੂਬਰ ਦਾ ਦਿਨ ਸਮੁੱਚੀ ਮਨੁੱਖਤਾ ਵਾਸਤੇ ਕਾਲਾ ਦਿਨ ਹੋ ਨਿਬੜਿਆ। ਭਾਈ ਮਾਝੀ ਨੇ ਆਖਿਆ ਕਿ ਹੁਣ ਰਣਬੀਰ ਸਿੰਘ ਖੱਟੜਾ ਦੀ ਐਸਆਈਟੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਹ ਕਰਤੂਤ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦੀ ਸੀ
ਪਰ ਬਾਦਲ ਪਰਿਵਾਰ ਨੇ ਵੋਟਾਂ ਦੀ ਗੰਦੀ ਰਾਜਨੀਤੀ ਕਾਰਨ ਡੇਰਾ ਪ੍ਰੇਮੀਆਂ ਵਿਰੁਧ ਕੋਈ ਕਾਰਵਾਈ ਕਰਨ ਦੀ ਬਜਾਇ ਉਲਟਾ ਨਿਰਦੋਸ਼ ਸਿੱਖਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ। ਭਾਈ ਮਾਝੀ ਨੇ ਕਿਹਾ ਕਿ 14 ਅਕਤੂਬਰ ਵਾਲੇ ਦਿਨ ਨੂੰ ਦੁਨੀਆ ਭਰ 'ਚ ਵਸਦੀ ਸਿੱਖ ਕੌਮ ਅਕਾਲੀ ਦਲ ਬਾਦਲ ਵਲੋਂ ਸਿੱਖਾਂ 'ਤੇ ਕੀਤੇ ਗਏ ਜ਼ੁਲਮ ਦੇ ਰੋਸ ਵਜੋਂ ਯਾਦ ਕਰਦਿਆਂ ਵਖੋ ਵੱਖਰੇ ਤਰੀਕੇ ਨਾਲ ਰੋਸ ਪ੍ਰਗਟਾਉਂਦੀ
ਇਨਸਾਫ ਦੀ ਮੰਗ ਕਰਦਿਆਂ 14 ਅਕਤੂਬਰ ਨੂੰ ਬਾਦਲ ਦਲ ਦੇ ਸਮੂਹ ਅਹੁਦੇਦਾਰਾਂ ਨੂੰ ਲਾਹਨਤਾਂ ਪਾਵੇਗੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਾਹਨਤ ਪੱਤਰ ਭੇਜ ਕੇ ਸਾਰੀ ਦੁਨੀਆਂ ਨੂੰ ਦਸਿਆ ਜਾਵੇਗਾ ਕਿ ਆਪਣੇ ਆਪ ਨੂੰ ਪੰਥ ਦਾ ਵਫਾਦਾਰ ਕਹਾਉਣ ਅਤੇ ਪੰਥ ਦੇ ਨਾਂਅ 'ਤੇ ਵੋਟਾਂ ਬਟੋਰਨ ਵਾਲਿਆਂ ਨੇ ਸਿੱਖ ਕੌਮ 'ਤੇ ਕਿੰਨਾ ਜ਼ੁਲਮ ਢਾਹਿਆ?