'ਫ਼ੌਜ ਦੀ ਜਾਣਕਾਰੀ 'ਚ ਹੀ ਨਹੀਂ ਸੀ ਕਿ ਸ੍ਰੀ ਦਰਬਾਰ ਸਾਹਿਬ 'ਚ ਕੋਈ ਲਾਇਬ੍ਰੇਰੀ ਵੀ ਹੈ ਜਾਂ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਆਗੂ ਮਨਜੀਤ ਸਿੰਘ ਤਰਨਤਾਰਨੀ ਨੇ ਕੀਤਾ ਇੰਕਸ਼ਾਫ਼ 

Manjit Singh Tarantarni

ਅੰਮ੍ਰਿਤਸਰ : ਜੂਨ 1984 ਦੇ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੇ ਚਸ਼ਮਦੀਦ ਗਵਾਹ ਅਕਾਲੀ ਆਗੂ ਮਨਜੀਤ ਸਿੰਘ ਤਰਨਤਾਰਨੀ ਨੇ ਇੰਕਸ਼ਾਫ਼ ਕੀਤਾ ਕਿ ਫ਼ੌਜ ਦੀ ਜਾਣਕਾਰੀ ਵਿਚ ਹੀ ਨਹੀਂ ਸੀ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਕੋਈ ਲਾਇਬ੍ਰੇਰੀ ਵੀ ਹੈ ਜਾਂ ਨਹੀਂ। ਇਹ ਉਸ ਸਮੇਂ ਪਤਾ ਲਗਾ ਜਦ ਸਤਿੰਦਰ ਸਿੰਘ ਪੀ ਟੀ ਨਾਮਕ ਇਕ ਅਤਿਵਾਦੀ ਨੇ ਲਾਇਬ੍ਰੇਰੀ ਵਿਚੋਂ ਗੋਲੀ ਚਲਾਈ ਜਿਸ ਨਾਲ ਫ਼ੌਜੀ ਮਾਰੇ ਗਏ ਉਸ ਦੀ ਭਾਲ ਵਿਚ ਫ਼ੌਜ ਲਾਇਬ੍ਰੇਰੀ ਵਲ ਆਏ ਤੇ ਉਨ੍ਹਾਂ ਕਿਤਾਬਾਂ ਅਪਣੇ ਕਬਜ਼ੇ ਵਿਚ ਲੈ ਲਈਆਂ। 

ਸ. ਤਰਨਤਾਰਨੀ ਨੇ ਦਸਿਆ ਕਿ ਪੀ ਟੀ ਨਾਮਕ ਇਹ ਵਿਅਕਤੀ ਸੰਤਾਂ ਦੇ ਜਥੇ ਦੇ ਸਿੰਘਾਂ ਦੇ ਤਾਂ ਨਾਲ ਸੀ ਪਰ ਅਕਸਰ ਗ਼ੈਰ ਜ਼ਿੰਮੇਵਾਰੀ ਕਾਰਵਾਈਆਂ ਕਰਦਾ ਹੁੰਦਾ ਸੀ। ਉਨ੍ਹਾਂ ਦਸਿਆ ਕਿ ਪੀ ਟੀ ਵਲੋਂ ਲਾਇਬ੍ਰੇਰੀ ਵਾਲੇ ਹਿੱਸੇ 'ਤੇ ਕਬਜ਼ਾ ਕੀਤਾ ਹੋਇਆ ਸੀ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਤਰਨਤਾਰਨੀ ਨੇ ਕਿਹਾ ਕਿ ਫ਼ੌਜ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ, ਅਕਾਲੀ ਆਗੂ ਸ. ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਭਾਨ ਸਿੰਘ ਅਤੇ ਜਥੇਦਾਰ ਟੌਹੜਾ ਦੇ ਨਿਜੀ ਸਹਾਇਕ ਅਬਿਨਾਸ਼ੀ ਸਿੰਘ ਦੇ ਨਾਲ ਬੀਬੀ ਅਮਰਜੀਤ ਕੌਰ ਅਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ।

ਕਰੀਬ 9 ਜੂਨ ਨੂੰ  ਕਰਨਲ ਉਂਕਾਰ ਸਿੰਘ ਗੁਰਾਇਆ ਤੇ ਇਕ ਹੋਰ ਫ਼ੌਜੀ ਅਧਿਕਾਰੀ ਕਰਨਲ ਸ਼ਰਮਾ ਦੀ ਅਗਵਾਈ ਵਿਚ ਆਈ ਇਕ ਫ਼ੌਜੀ ਟੁਕੜੀ ਸ. ਭਾਨ ਸਿੰਘ ਤੇ ਅਬਿਨਾਸ਼ੀ ਸਿੰਘ ਨੂੰ ਲੈ ਗਈ ਜੋ ਦੇਰ ਸ਼ਾਮ ਨੂੰ ਵਾਪਸ ਆਏ। ਉਨ੍ਹਾਂ ਜਥੇਦਾਰ ਟੌਹੜਾ ਨੂੰ ਦਸਿਆ ਕਿ ਫ਼ੌਜ ਨੇ ਲਾਇਬ੍ਰੇਰੀ ਨੂੰ ਅੱਗ ਦੇ ਹਵਾਲੇ ਕਰ ਦਿਤਾ ਹੈ। ਅਗਲੀ ਸਵੇਰ ਜਦ ਮੁੜ ਦੋਹਾਂ ਅਧਿਕਾਰੀਆਂ ਨੂੰ ਫ਼ੌਜ ਲੈ ਗਈ ਤਾਂ ਸ਼ਾਮ ਨੂੰ ਪਰਤ ਕੇ ਉਨ੍ਹਾਂ ਦਸਿਆ ਕਿ ਲਾਇਬ੍ਰੇਰੀ ਦਾ ਸਮਾਨ ਬਚ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਸੁਣ ਕੇ ਟੌਹੜਾ ਸਮੇਤ ਸਾਰਿਆਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਦਸਿਆ ਕਿ ਇਕ ਵਿਅਕਤੀ ਦੀ ਗ਼ਲਤੀ ਕਾਰਨ ਇਹ ਘਟਨਾ ਵਾਪਰੀ। ਸ. ਤਰਨਤਾਰਨੀ ਨੇ ਅੱਗੇ ਕਿਹਾ ਕਿ ਸਮੇਂ ਸਮੇਂ ਸਮਾਨ ਫ਼ੌਜ ਵਾਪਸ ਕਰਦੀ ਰਹੀ ਤੇ ਕੁੱਝ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਇਹ ਸਾਮਨ ਜਨਤਕ ਨਹੀਂ ਹੋ ਸਕਿਆ।