ਭੂੰਦੜ ਬਾਰੇ ਵਿਚਾਰ 'ਜਥੇਦਾਰਾਂ' ਦੀ ਮੀਟਿੰਗ 'ਚ ਹੋਵੇਗਾ: ਗਿਆਨੀ ਗੁਰਬਚਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਅਪਣੀ ਲੰਮੀ ਚੁੱਪ ਤੋੜਦਿਆਂ ਕਿਹਾ ਹੈ ਕਿ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ...........

Giani Gurbachan Singh

ਤਰਨਤਾਰਨ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਅਪਣੀ ਲੰਮੀ ਚੁੱਪ ਤੋੜਦਿਆਂ ਕਿਹਾ ਹੈ ਕਿ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹੇ ਜਾਣ ਦਾ ਮਾਮਲਾ 'ਜਥੇਦਾਰਾਂ' ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਭੂੰਦੜ ਮਾਮਲਾ ਨਿਰੋਲ ਪੰਥਕ ਹੈ ਤੇ ਇਸ ਬਾਰੇ ਕੋਈ ਵੀ ਵਿਚਾਰ 'ਜਥੇਦਾਰਾਂ' ਦੀ ਮੀਟਿੰਗ ਵਿਚ ਹੀ ਹੋ ਸਕਦਾ ਹੈ।

ਹਾਲੇ ਤਕ ਕਿਸੇ ਨੇ ਸ. ਭੂੰਦੜ ਬਾਰੇ ਲਿਖਤੀ ਸ਼ਿਕਾਇਤ ਅਕਾਲ ਤਖ਼ਤ 'ਤੇ ਨਹੀਂ ਆਈ, ਫਿਰ ਵੀ ਅਸੀ ਇਹ ਮਾਮਲਾ 'ਜਥੇਦਾਰਾਂ' ਦੀ ਮੀਟਿੰਗ ਵਿਚ ਵਿਚਾਰਾਂਗੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੰਜਾਬ ਵਿਧਾਨ ਸਭਾ ਵਿਚ ਹੋਈ ਬਹਿਸ ਦੌਰਾਨ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ ਵਲੋਂ ਉਨ੍ਹਾਂ ਤੇ ਉਨ੍ਹਾਂ ਦੇ ਸਪੁੱਤਰ ਤੇ ਲਗਾਏ ਦੋਸ਼ਾਂ ਬਾਰੇ ਗੱਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਵੀ ਇਕ ਗ੍ਰੰਥੀ ਦਾ ਪੁੱਤਰ ਹੈ ਤੇ ਮੇਰਾ ਪੁੱਤਰ ਵੀ ਇਕ ਗ੍ਰੰਥੀ ਦਾ ਪੁੱਤਰ ਹੈ।

ਉਸ ਨੇ ਮਿਹਨਤ ਕੀਤੀ ਹੈ ਤੇ ਤਰੱਕੀ ਕਰਦਾ ਜੇ ਉਹ ਅੱਜ ਕਿਸੇ ਮੁਕਾਮ 'ਤੇ ਪੁੱਜਾ ਹੈ ਤਾਂ ਇਸ ਵਿਚ ਕੋਈ ਬੁਰੀ ਗੱਲ ਨਹੀਂ ਹੈ। 'ਜਥੇਦਾਰ' ਨੇ ਕਿਹਾ ਕਿ ਜਲਦ ਹੀ ਉਹ ਤੱਥਾਂ ਦੇ ਅਧਾਰ 'ਤੇ ਅਤੇ ਸਬੂਤਾਂ ਸਹਿਤ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਸਾਰੇ ਦੋਸ਼ਾਂ ਦਾ ਜਵਾਬ ਦੇਣਗੇ। ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਦਿਤੇ ਪੱਤਰ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ 'ਜਥੇਦਾਰ' ਨੇ ਕਿਹਾ ਸਿੱਧੂ ਦੇ ਪੱਤਰ 'ਤੇ ਵਿਚਾਰ ਕੀਤਾ ਜਾਵੇਗਾ ਤੇ ਇਹ ਪੱਤਰ 'ਜਥੇਦਾਰਾਂ' ਦੀ ਮੀਟਿੰਗ ਵਿਚ ਰੱਖ ਕੇ ਬਾਕੀ ਜਥੇਦਾਰਾਂ ਦੀ ਸਲਾਹ ਲਈ ਜਾਵੇਗੀ।