ਪੰਥ 'ਚੋਂ ਛੇਕੇ ਵਿਅਕਤੀਆਂ ਨੂੰ ਮਾਫ਼ੀ ਦੇਣ ਮੌਕੇ ਕਿਹੜੇ ਮਾਪਦੰਡ ਅਪਣਾਉਣਗੇ ਜਥੇਦਾਰ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

21 ਅਕਤੂਬਰ ਦੀ ਮੀਟਿੰਗ 'ਚ ਲੰਗਾਹ ਅਤੇ ਚੱਢਾ ਨੂੰ ਮਾਫ਼ੀ ਮਿਲਣ ਦੀ ਸੰਭਾਵਨਾ

Akal Takht

ਕੋਟਕਪੂਰਾ : ਕਿਸੇ ਕਾਰਨ ਹੁਕਮਨਾਮਾ ਜਾਰੀ ਕਰ ਕੇ ਪੰਥ 'ਚੋਂ ਛੇਕੇ ਗਏ ਵਿਅਕਤੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਾਫ਼ ਕਰਨ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਨੇ ਖੁਲਾਸਾ ਕੀਤਾ ਹੈ ਪਰ ਤਖ਼ਤਾਂ ਦੇ ਜਥੇਦਾਰਾਂ ਵਲੋਂ ਪੰਥ ਵਿਚੋਂ ਛੇਕੇ ਗਏ ਲਗਭਗ ਦੋ ਦਰਜਨ ਵਿਅਕਤੀਆਂ 'ਚੋਂ ਸਿਰਫ਼ ਉਨਾਂ ਨੂੰ ਮਾਫ਼ੀ ਦੇਣ ਦੀ ਗੱਲ ਆਖੀ ਗਈ ਹੈ, ਜੋ ਅਕਾਲ ਤਖ਼ਤ 'ਤੇ ਅਪਣੀ ਭੁੱਲ ਬਖਸ਼ਾਉਣ ਲਈ ਅਰਥਾਤ ਖਿਮਾ ਜਾਚਨਾ ਕਰਨ ਅਤੇ ਅਪਣਾ ਗੁਨਾਹ ਕਬੂਲ ਕਰਨਗੇ, ਸਿਰਫ਼ ਉਹੀ ਮਾਫ਼ੀ ਦੇ ਹੱਕਦਾਰ ਹੋਣਗੇ। ਮੀਡੀਏ 'ਚ ਆਈਆਂ ਖਬਰਾਂ ਮੁਤਾਬਕ ਪੰਥ ਦੀਆਂ ਦੋ ਸਿਰਮੌਰ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਚੀਫ਼ ਖ਼ਾਲਸਾ ਦੀਵਾਨ ਨਾਲ ਸਬੰਧਤ ਦੋ ਚਰਚਿਤ ਰਹੀਆਂ ਸ਼ਖਸ਼ੀਅਤਾਂ ਸੁੱਚਾ ਸਿੰਘ ਲੰਗਾਹ ਅਤੇ ਚਰਨਜੀਤ ਸਿੰਘ ਚੱਢਾ ਨੇ ਅਪਣਾ ਗੁਨਾਹ ਕਬੂਲਣ ਅਤੇ ਖਿਮਾ ਜਾਚਨਾ ਕਰਨ ਦੇ ਪੱਤਰ ਵੀ ਅਕਾਲ ਤਖ਼ਤ 'ਤੇ ਭੇਜ ਦਿਤੇ ਹਨ, ਜਿੰਨ੍ਹਾ ਬਾਰੇ ਪੰਜਾਂ ਤਖ਼ਤਾਂ ਦੇ ਜਥੇਦਾਰ 21 ਅਕਤੂਬਰ ਨੂੰ ਹੋ ਰਹੀ ਮੀਟਿੰਗ 'ਚ ਵਿਚਾਰਣਗੇ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਪੱਤਰਕਾਰਾਂ ਨੂੰ ਦਸਿਆ ਹੈ ਕਿ ਇਸ ਸਬੰਧ 'ਚ ਲੋੜੀਂਦੇ ਪੱਤਰ ਜਾਰੀ ਕਰ ਦਿਤੇ ਗਏ ਹਨ। ਉਨ੍ਹਾਂ ਆਖਿਆ ਕਿ ਇਸ ਸਬੰਧੀ ਕਿਸੇ ਨੂੰ ਸੱਦਾ ਨਹੀਂ ਦਿਤਾ ਜਾਵੇਗਾ, ਜੋ ਖੁਦ ਖਿਮਾ ਜਾਚਨਾ ਲਈ ਆਉਣਾ ਚਾਹੇ, ਸਿਰਫ਼ ਉਸਦਾ ਮਾਮਲਾ ਹੀ ਵਿਚਾਰਿਆ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿਖਾਈ ਗਈ ਉਕਤ ਖੁਲਦਿਲੀ ਨੂੰ ਉਸਦੇ ਸਿਆਸੀ ਅਕਾਵਾਂ ਦੀ ਪੈਂਤੜੇਬਾਜੀ ਮੰਨਿਆ ਜਾਵੇ ਜਾਂ ਕੁਝ ਹੋਰ? ਕਿਉਂਕਿ ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਰਾਗੀ, ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਡਾ. ਹਰਜਿੰਦਰ ਸਿੰਘ ਦਿਲਗੀਰ, ਹਰਨੇਕ ਸਿੰਘ ਨੇਕੀ ਵਰਗੇ ਅਜਿਹੇ ਲੇਖਕ, ਵਿਦਵਾਨ ਜਾਂ ਸ਼ਖਸ਼ੀਅਤਾਂ ਹਨ, ਜਿੰਨ੍ਹਾ ਦਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੰਥ 'ਚੋਂ ਛੇਕ ਦਿਤਾ ਗਿਆ।

ਭਾਈ ਪੰਥਪ੍ਰੀਤ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਰਗੀਆਂ ਅਜਿਹੀਆਂ ਹੋਰ ਵੀ ਸਤਿਕਾਰਤ ਸ਼ਖਸ਼ੀਅਤਾਂ ਦਾ ਨਾਮ ਲਿਆ ਜਾ ਸਕਦਾ ਹੈ, ਜਿੰਨ੍ਹਾਂ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਅਖੌਤੀ ਆਦੇਸ਼ਾਂ ਦੀ ਪ੍ਰਵਾਹ ਨਾ ਕੀਤੀ ਪਰ ਜਥੇਦਾਰਾਂ ਨੇ ਨਾ ਤਾਂ ਉਨਾ ਨੂੰ ਪੰਥ 'ਚੋਂ ਛੇਕਣ ਦੀ ਦਲੇਰੀ ਦਿਖਾਈ ਤੇ ਨਾ ਹੀ ਦੁਬਾਰਾ ਫਿਰ ਤਲਬ ਕਰਨ ਦੀ ਜੁਰਅੱਤ ਕੀਤੀ। ਜੇਕਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਖੁਦ ਖਿਮਾ ਜਾਚਨਾ ਲਈ ਆਉਣ ਵਾਲਿਆਂ ਵਾਸਤੇ ਹੀ ਪੰਥ ਵਾਪਸੀ ਦਾ ਮਾਮਲਾ ਵਿਚਾਰਨ ਦੀ ਗੱਲ ਆਖੀ ਗਈ ਹੈ ਤਾਂ ਉਸਦੇ ਸੰਦਰਭ 'ਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਵਲੋਂ 24 ਸਤੰਬਰ 2015 ਵਾਲੇ ਦਿਨ ਸੋਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਅਤੇ ਉਸ ਮਾਫ਼ੀ ਨੂੰ ਸਹੀ ਸਿੱਧ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦੀ ਗੋਲਕ 'ਚੋਂ 93 ਲੱਖ ਰੁਪੈ ਇਸ਼ਤਿਹਾਰਾਂ 'ਤੇ ਕੀਤੇ ਖ਼ਰਚੇ ਬਾਰੇ ਵੀ ਸੰਗਤ ਦੀ ਕਚਹਿਰੀ 'ਚ ਜਵਾਬਦੇਹ ਹੋਣਾ ਪਵੇਗਾ। ਕਿਉਂਕਿ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਉਸਦੇ ਭਰਾ ਵਲੋਂ ਸੋਦਾ ਸਾਧ ਦੇ ਮਾਮਲੇ 'ਚ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਗਿਆਨੀ ਇਕਬਾਲ ਸਿੰਘ ਪਟਨਾ ਵਲੋਂ ਵੀ ਇਸੇ ਮਾਮਲੇ 'ਚ ਐਸਆਈਟੀ ਵਲੋਂ ਦਿਤੇ ਗਏ ਬਿਆਨਾ ਰਾਹੀਂ ਸਾਰੀ ਸਥਿੱਤੀ ਸਪੱਸ਼ਟ ਹੋ ਚੁੱਕੀ ਹੈ।

ਜਿਕਰਯੋਗ ਹੈ ਕਿ ਉਪਰੋਕਤ ਦਰਸਾਏ ਗਏ ਵਿਦਵਾਨਾ ਉੱਪਰ ਆਚਰਣਹੀਣਤਾ ਵਾਲਾ ਕੋਈ ਦੋਸ਼ ਨਹੀਂ ਸੀ ਲੱਗਦਾ, ਸਿਰਫ ਪੰਥਵਿਰੋਧੀ ਤਾਕਤਾਂ ਦੀ ਸ਼ਿਕਾਇਤ ਜਾਂ ਸ਼ਹਿ 'ਤੇ ਹੀ ਤਖ਼ਤਾਂ ਦੇ ਜਥੇਦਾਰਾਂ ਵਲੋਂ ਉਨਾਂ ਨੂੰ ਪੰਥ 'ਚੋਂ ਛੇਕਣ ਦੇ ਨਾਲ-ਨਾਲ ਜਲੀਲ ਕਰਨ ਤੋਂ ਵੀ ਗੁਰੇਜ ਨਾ ਕੀਤਾ ਗਿਆ। ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਵਲੋਂ 'ਰੋਜਾਨਾ ਸਪੋਕਸਮੈਨ' ਦੇ ਮੁੱਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਨੂੰ ਪੰਥ 'ਚੋਂ ਛੇਕਣਾ ਅਤੇ ਉਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਬਣੇ ਗਿਆਨੀ ਗੁਰਬਚਨ ਸਿੰਘ ਵਲੋਂ ਖੁਦ ਫ਼ੋਨ ਕਰ ਕੇ ਸ੍ਰ. ਜੋਗਿੰਦਰ ਸਿੰਘ ਮੂਹਰੇ ਕਬੂਲ ਕਰਨਾ ਕਿ ਤੁਹਾਡਾ ਕਸੂਰ ਤਾਂ ਕੋਈ ਨਹੀਂ ਪਰ ਗਿਆਨੀ ਵੇਂਦਾਤੀ ਨੇ ਪਤਾ ਨਹੀਂ ਕਿਸ ਦੇ ਦਬਾਅ 'ਤੇ ਤੁਹਾਡੇ ਖ਼ਿਲਾਫ਼ ਫ਼ਰਜ਼ੀ ਆਦੇਸ਼ ਜਾਰੀ ਕਰ ਦਿਤਾ ਸੀ।

ਸ੍ਰ. ਜੋਗਿੰਦਰ ਸਿੰੰਘ ਦੀ ਤਰਾਂ ਪ੍ਰੋ. ਦਰਸ਼ਨ ਸਿੰਘ, ਕਾਲਾ ਅਫ਼ਗਾਨਾ ਅਤੇ ਹਰਨੇਕ ਸਿੰਘ ਨੇਕੀ ਨੂੰ ਵੀ ਅੱਜ ਤਕ ਇਹ ਪਤਾ ਨਹੀਂ ਲੱਗਾ ਕਿ ਉਨਾਂ ਨੂੰ ਕਿਸ ਦੋਸ਼ ਵਿਚ ਪੰਥ 'ਚੋਂ ਛੇਕਿਆ ਗਿਆ ਅਤੇ ਕੀ ਤਖ਼ਤਾਂ ਦੇ ਜਥੇਦਾਰਾਂ ਕੋਲ ਕਿਸੇ ਨੂੰ ਪੰਥ 'ਚੋਂ ਛੇਕਣ ਦਾ ਅਧਿਕਾਰ ਹੈ ਵੀ ਜਾਂ ਨਹੀ? ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਅਕਾਲੀ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਗ਼ੈਰ ਔਰਤਾਂ ਨਾਲ ਇਤਰਾਜਯੋਗ ਵੀਡੀਉ ਕਲਿੱਪ ਅੱਜ ਵੀ ਸ਼ੋਸ਼ਲ ਮੀਡੀਏ ਰਾਹੀਂ ਜਾਂ ਯੂਟਿਊਬ 'ਤੇ ਦੇਖੇ ਜਾ ਸਕਦੇ ਹਨ। ਕਾਨੂੰਨੀ ਪੱਖ ਤੋਂ ਤਾਂ ਲੰਗਾਹ ਅਤੇ ਚੱਢਾ ਉਕਤ ਦੋਸ਼ਾਂ ਤੋਂ ਬਰੀ ਹੋ ਚੁੱਕੇ ਹਨ ਪਰ ਤਖ਼ਤਾਂ ਦੇ ਜਥੇਦਾਰ ਬਿਨਾ ਕਸੂਰੋਂ ਪੰਥ 'ਚੋਂ ਛੇਕੀਆਂ ਗਈਆਂ ਪੰਥ ਦੀਆਂ ਸਿਰਮੌਰ ਸ਼ਖਸ਼ੀਅਤਾਂ ਦੀ ਤੁਲਨਾ ਲੰਗਾਹ ਅਤੇ ਚੱਢਾ ਨਾਲ ਕਰਨ ਮੌਕੇ ਕਿਹੜੇ ਮਾਪਦੰਡ ਅਪਣਾਉਣਗੇ, ਇਹ ਜਥੇਦਾਰਾਂ ਲਈ ਲਾਜ਼ਮੀ ਪ੍ਰੀਖਿਆ ਦੀ ਘੜੀ ਹੋਵੇਗੀ।