ਇਕ ਮਹੀਨੇ ਦੇ ਅੰਦਰ ਪੂਰੇ ਪੰਜਾਬ ਵਿਚ ਬਣਾਈਆਂ ਜਾਣਗੀਆਂ ਜਥੇਬੰਦੀਆਂ : ਫੂਲਕਾ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਦਿੱਲੀ ਤੋਂ ਸਪੋਕਸਮੈਨ ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ......
ਧਨੌਲਾ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਦਿੱਲੀ ਤੋਂ ਸਪੋਕਸਮੈਨ ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਪੰਜਾਬ ਦੇ ਸਮੁੱਚੇ ਪਿੰਡਾਂ ਅੰਦਰ ਜਥੇਬੰਦੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਨਾਲ-ਨਾਲ ਰਾਜਨੀਤਕ ਸ਼ਿਕੰਜੇ ਵਿਚੋਂ ਮੁਕਤ ਕਰਵਾ ਕੇ ਇਸ ਦੀ ਮਰਿਆਦਾ ਨੂੰ ਬਰਕਰਾਰ ਰਖਿਆ ਜਾ ਸਕੇ । ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਤਕ ਸਿੱਖ ਸੇਵਾ ਸੰਗਠਨ ਪੰਜਾਬ ਦੇ ਸਮੁੱਚੇ ਪਿੰਡਾਂ ਅੰਦਰ ਪਹੁੰਚ ਕਰ ਕੇ ਜਥੇਬੰਦਕ ਢਾਂਚੇ ਤਿਆਰ ਕਰੇਗਾ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਵੀ ਰਾਜਨੀਤਕ ਚੋਣ ਨਹੀਂ ਲੜੀ ਜਾਵੇਗੀ ਸਗੋਂ ਮੇਰਾ ਮਕਸਦ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣਾ ਹੈ ਨਾ ਕਿ ਸਿਆਸਤ ਚਮਕਾਉਣਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਆਗਾਮੀ ਲੋਕ ਸਭਾ 2019 ਨੂੰ ਲੈ ਕੇ ਸਮੁੱਚੀਆਂ ਰਾਜਨੀਤਕ ਪਾਰਟੀਆਂ ਨੂੰ ਮੈਨੀਫ਼ੈਸਟੋ ਦੇ ਆਧਾਰ ਤਹਿਤ ਕਾਨੂੰਨੀ ਪ੍ਰਕਿਰਿਆ ਅਧੀਨ ਲਿਆਉਣਾ ਚਾਹੀਦਾ ਹੈ ਤਾਂ ਜੋ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਵਾਇਆ ਜਾ ਸਕੇ ।
ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿਚ ਸਬੰਧਤ ਉਮੀਦਵਾਰ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਨਸ਼ੇ ਵੰਡਣਾ ਮੰਦਭਾਗੀ ਗੱਲ ਹੈ । ਸਿੱਖ ਸੇਵਾ ਸੰਗਠਨ ਇਸ ਦਾ ਸਖ਼ਤ ਵਿਰੋਧ ਕਰੇਗਾ ਅਤੇ ਬਿਨਾਂ ਕਿਸੇ ਨਸ਼ੇ ਅਤੇ ਪੈਸਿਆਂ ਤੋਂ ਇਨ੍ਹਾਂ ਚੋਣਾਂ ਨੂੰ ਨੇਪਰੇ ਚੜ੍ਹਾਉਣ ਲਈ ਅਹਿਮ ਭੂਮਿਕਾ ਨਿਭਾਏਗਾ।