ਸ਼੍ਰੋਮਣੀ ਕਮੇਟੀ ਨੇ ਗੁਰਦਵਾਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਨੂੰ ਸੌਂਪੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਿਸ ਰਫ਼ਤਾਰ ਨਾਲ ਗੁਰਦਵਾਰਾ ਸਾਹਿਬ ਦੀ ਇਮਾਰਤ ਦਾ ਕੰਮ ਚਲ ਰਿਹੈ ਲੱਗਦਾ ਨਹੀਂ ਕਿ ਇਹ ਨਵੰਬਰ ਵਿਚ ਮੁਕੰਮਲ ਹੋ ਜਾਵੇਗੀ

SGPC

ਅੰਮ੍ਰਿਤਸਰ : ਜਦ ਪੂਰੀ ਦੁਨੀਆਂ ਵਿਚ ਵਸੇ ਬਾਬੇ ਨਾਨਕ ਦੇ ਪੈਰੋਕਾਰ, ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਤਿਆਰੀਆਂ ਨੂੰ ਅੰਤਮ ਛੋਹਾਂ ਦੇ ਰਹੇ ਸਨ, ਉਸ ਵੇਲੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਕਮੇਟੀ ਨੇ ਐਨ ਮੌਕੇ 'ਤੇ ਬਾਬੇ ਨਾਨਕ ਦਾ ਸਥਾਨ ਗੁਰਦਵਾਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਸੇਗਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੂੰ ਸੌਂਪ ਕੇ ਇਤਿਹਾਸਕ ਮਾਅਰਕਾ ਮਾਰਿਆ।

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਬਾਬੇ ਨਾਨਕ ਦੇ ਉਸ ਇਤਿਹਾਸਕ ਸਥਾਨ ਦੀ ਸੇਵਾ ਉਸ ਵੇਲੇ ਸ਼ੁਰੂ ਕੀਤੀ ਜਦ ਲੋਕ ਬਾਬਾ ਨਾਨਕ ਨੂੰ ਅਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵਹੀਰਾਂ ਘੱਤ ਕੇ ਡੇਰਾ ਬਾਬਾ ਨਾਨਕ ਆ ਰਹੇ ਸਨ ਜਿਸ ਰਫ਼ਤਾਰ ਨਾਲ ਗੁਰਦਵਾਰਾ ਸਾਹਿਬ ਦੀ ਇਮਾਰਤ ਦਾ ਕੰਮ ਚਲ ਰਿਹਾ ਹੈ ਦੇਖ ਕੇ ਨਹੀਂ ਕਿਹਾ ਜਾ ਸਕਦਾ ਕਿ ਇਹ ਇਮਾਰਤ ਇਸ ਸਾਲ ਨਵੰਬਰ ਵਿਚ ਮੁਕੰਮਲ ਹੋ ਜਾਵੇਗੀ ਜਿਸ ਇਮਾਰਤ ਨੂੰ ਢਾਹ ਕੇ ਨਵੀਂ ਉਸਾਰੀ ਕਰਵਾਈ ਜਾ ਰਹੀ ਹੈ ਉਹ ਇਮਾਰਤ ਚੰਗੀ ਭਲੀ ਸੀ ਤੇ ਦੇਖ ਕੇ ਨਹੀਂ ਸੀ ਲੱਗਦਾ ਕਿ ਇਸ ਇਮਾਰਤ ਨੂੰ ਢਾਹ ਕੇ ਦੁਬਾਰਾ ਨਿਰਮਾਣ ਕਰਨ ਦੀ ਲੋੜ ਹੈ।

ਹੋਰ ਤੇ ਹੋਰ ਕਾਰ ਸੇਵਾ ਵਾਲੇ ਬਾਬੇ ਨੇ ਗੁਰੂ ਘਰ ਦੀ ਇਮਾਰਤ ਦਾ ਤਿਆਰ ਕਰਨ ਦਾ ਮੁਢਲਾ ਢੰਗ ਹੀ ਬਦਲ ਦਿਤਾ। ਵੱਖ-ਵੱਖ ਗੁਰਧਾਮਾਂ ਦੀ ਕਾਰ ਸੇਵਾ ਕਰਵਾਉਣ ਵਾਲੇ ਦਸਦੇ ਹਨ ਕਿ ਗੁਰਦਵਾਰੇ ਦੀ ਉਸਾਰੀ ਲਈ ਨੀਂਹ ਤੋਂ ਲੈ ਕੇ ਸਿਖਰ ਤਕ ਪੂਰੀ ਇਮਾਰਤ ਨੂੰ ਤਿਆਰ ਕਰਨ ਲਈ ਇਕ-ਇਕ ਇੱਟ ਨੂੰ ਜੋੜ ਕੇ ਫਿਰ ਪਿੱਲਰ ਪਾ ਕੇ ਉਸ ਦੇ ਉਪਰ ਲੈਂਟਰ ਪਾਏ ਜਾਂਦੇ ਹਨ ਤਾਕਿ ਪੂਰੀ ਇਮਾਰਤ ਦਾ ਭਾਰ ਇਕ ਦੂਜੇ ਦੇ ਸਹਾਰੇ 'ਤੇ ਟਿਕਿਆ ਰਹੇ ਪਰ ਬਾਬਾ ਸੇਵਾ ਸਿੰਘ ਨੇ ਪਹਿਲਾਂ ਪਿੱਲਰ ਖੜੇ ਕੀਤੇ ਫਿਰ ਦੀਵਾਰਾਂ ਦਾ ਨਿਰਮਾਣ ਹੋਵੇਗਾ ਤੇ ਉਸ ਤੋਂ ਬਾਅਦ ਲੈਂਟਰ ਪਾਇਆ ਜਾਵੇਗਾ। ਗੁਰਦਵਾਰਾ ਇਮਾਰਤਸਾਜ਼ੀ ਦੇ ਮਾਹਰ ਦਸਦੇ ਹਨ ਕਿ ਦੀਵਾਰ 'ਤੇ ਪਿੱਲਰ ਵਿਚਲਾ ਫਾਸਲਾ (ਗੈਪ) ਨੁਕਸਾਨਦੇਹ ਹੈ। ਇਸ ਦੇ ਨਾਲ-ਨਾਲ ਦੀਵਾਰਾਂ 'ਤੇ ਲੱਗਣ ਵਾਲਾ ਸੰਗਮਰਮਰ ਵੀ ਹਵਾ ਲੈ ਸਕਦਾ ਹੈ ਜਿਸ ਕਾਰਨ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।