ਸ਼੍ਰੋਮਣੀ ਕਮੇਟੀ ਨੇ ਫੂਲਕਾ ਦੇ ਸਨਮਾਨ ਤੋਂ ਵੱਟਿਆ ਪਾਸਾ
1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ਵਿਚ 34 ਸਾਲ ਤਕ ਪੀੜਤਾਂ ਦੇ ਕੇਸ ਲੜ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ...
ਅੰਮ੍ਰਿਤਸਰ : 1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ਵਿਚ 34 ਸਾਲ ਤਕ ਪੀੜਤਾਂ ਦੇ ਕੇਸ ਲੜ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੇ ਵਿਸ਼ੇਸ਼ ਸਨਮਾਨ ਸਬੰਧੀ ਐਲਾਨ ਕੀਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਹੁਣ ਅਪਣੀ ਜ਼ੁਬਾਨ ਤੋਂ ਫਿਰਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਵਲੋਂ 84 ਕੇਸਾਂ ਨਾਲ ਜੁੜੇ ਜਿਨ੍ਹਾਂ ਲੋਕਾਂ ਦਾ 22 ਜਨਵਰੀ ਨੂੰ ਸਨਮਾਨ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਸ ਸੂਚੀ ਵਿਚੋਂ ਫੂਲਕਾ ਦਾ ਨਾਮ ਗ਼ਾਇਬ ਕਰ ਦਿਤਾ ਹੈ।
ਦਰਅਸਲ ਸ਼੍ਰੋਮਣੀ ਕਮੇਟੀ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਫੂਲਕਾ ਨੇ ਸ਼ਰ੍ਹੇਆਮ ਐਲਾਨ ਕੀਤਾ ਹੈ ਕਿ ਉਹ ਐਸਜੀਪੀਸੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਰਹਿਣਗੇ। ਇਸ ਦੇ ਲਈ ਉਨ੍ਹਾਂ ਨੇ ਸਿੱਖ ਸੇਵਕ ਸੰਗਠਨ ਬਣਾਉਣ ਦਾ ਵੀ ਐਲਾਨ ਕੀਤਾ ਹੈ। ਫੂਲਕਾ ਦੇ ਇਸ ਕਦਮ ਨਾਲ ਸ਼੍ਰੋਮਣੀ ਕਮੇਟੀ ਕਾਫ਼ੀ ਤੜਫੀ ਹੋਈ ਦਿਖਾਈ ਦੇ ਰਹੀ ਹੈ। ਇਹੋ ਕਾਰਨ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਸ ਫੂਲਕਾ ਨੂੰ ਬੌਖਲਾਇਆ ਹੋਇਆ ਬੰਦਾ ਕਰਾਰ ਦੇ ਦਿਤਾ ਸੀ। ਜਿਸ ਫੂਲਕਾ ਨੂੰ ਉਨ੍ਹਾਂ 26 ਦਸੰਬਰ ਵਾਲੇ ਦਿਨ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ।
ਪਰ ਬਾਅਦ ਵਿਚ ਇਸ ਦੀ ਤਰੀਕ ਅੱਗੇ ਵਧਾ ਕੇ 22 ਜਨਵਰੀ ਕਰ ਦਿਤੀ ਗਈ। ਇਸ ਮਾਮਲੇ 'ਚ ਐਡਵੋਕੇਟ ਦਾ ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 22 ਜਨਵਰੀ ਨੂੰ ਕੀਤੇ ਜਾ ਰਹੇ ਸਨਮਾਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੱਦਾ ਪੱਤਰ ਮਿਲਿਆ ਹੈ, ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਸ ਮਾਮਲੇ ਵਿਚ ਹੋਈ ਜਿੱਤ ਉਨ੍ਹਾਂ ਦੀ ਨਿੱਜੀ ਜਿੱਤ ਨਹੀਂ ਹੈ ਸਗੋਂ ਪੂਰੀ ਸਿੱਖ ਕੌਮ ਦੀ ਜਿੱਤ ਹੈ। ਜੇਕਰ ਕੋਈ ਇਸ ਜਿੱਤ ਦੀ ਖ਼ੁਸ਼ੀ ਮਨਾਉਂਦਾ ਹੈ ਅਤੇ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਤਾਂ ਉਹ ਜ਼ਰੂਰ ਪੁੱਜਣਗੇ।
ਉਧਰ ਸ਼੍ਰੋਮਣੀ ਕਮੇਟੀ ਦੇ ਇਕ ਬੁਲਾਰੇ ਨੇ ਆਖਿਆ ਕਿ 22 ਜਨਵਰੀ ਨੂੰ ਸਿਰਫ਼ ਸਿੱਖ ਕਤਲੇਆਮ ਮਾਮਲੇ ਦੇ ਗਵਾਹਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜਦਕਿ ਵਕੀਲਾਂ ਨੂੰ ਬਾਅਦ ਵਿਚ ਸਨਮਾਨਤ ਕੀਤਾ ਜਾਵੇਗਾ। ਹਾਲਾਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸਿੱਖ ਵਕੀਲ ਫੂਲਕਾ ਸਮੇਤ ਗਵਾਹਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਸੀ। ਖ਼ੈਰ, ਸ਼੍ਰੋਮਣੀ ਕਮੇਟੀ ਨੂੰ ਸਾਰਿਆਂ ਦਾ ਇਕੱਠਿਆਂ ਸਨਮਾਨ ਕੀਤੇ ਜਾਣ ਵਿਚ ਕੀ ਪਰੇਸ਼ਾਨੀ ਹੈ।
ਇਸ ਬਾਰੇ ਅਜੇ ਸ਼੍ਰੋਮਣੀ ਕਮੇਟੀ ਨੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ। ਉਂਝ ਇਹ ਪਰੇਸ਼ਾਨੀ ਮਹਿਜ਼ ਫੂਲਕਾ ਨੂੰ ਲੈ ਕੇ ਹੀ ਜਾਪਦੀ ਹੈ, ਪਰ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਵਲੋਂ ਫੂਲਕਾ ਦਾ ਸਨਮਾਨ ਕੀਤਾ ਜਾਵੇਗਾ ਜਾਂ ਨਹੀਂ। ਇਸ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ।