ਬਾਦਲ ਪ੍ਰਵਾਰ ਨੇ ਸ਼੍ਰੋਮਣੀ ਕਮੇਟੀ ਨੂੰ ਨਿਜੀ ਹਿਤਾਂ ਲਈ ਵਰਤਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲਾਂ ਵਲੋਂ ਧਾਰਮਕ ਤੇ ਰਾਜਸੀ ਮਾਮਲਿਆਂ 'ਚ ਕੀਤੀ ਦਖ਼ਲ ਅੰਦਾਜ਼ੀ ਨੂੰ ਸਿੱਖ ਕੌਮ ਨੇ ਪਸੰਦ ਨਹੀਂ ਕੀਤਾ

Sukhbir Singh Badal and Parkash Singh Badal

ਅੰਮ੍ਰਿਤਸਰ : ਬਾਦਲ ਪਰਵਾਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨਿਜੀ, ਸਿਆਸੀ ਹਿਤਾਂ ਲਈ ਵਰਤਿਆ ਹੈ। ਬਾਦਲਾਂ ਵਲੋਂ ਧਾਰਮਕ ਤੇ ਰਾਜਸੀ ਮਾਮਲਿਆਂ 'ਚ ਕੀਤੀ ਦਖ਼ਲ-ਅੰਦਾਜ਼ੀ ਨੂੰ ਸਿੱਖ ਕੌਮ ਨੇ ਪਸੰਦ ਨਹੀਂ ਕੀਤਾ। ਸਿਆਸੀ ਹਲਕਿਆਂ ਅਨੁਸਾਰ ਸੌਦਾ ਸਾਧ ਦੀਆਂ ਵੋਟਾਂ ਲੈਣ ਕਰ ਕੇ ਬਾਦਲ ਪਰਵਾਰ ਸਿਆਸੀ ਮੰਚ 'ਤੇ ਵੀ ਅਲੱਗ-ਥਲੱਗ ਹੋ ਗਿਆ ਹੈ।। ਪੰਜਾਬ ਦੇ ਚੋਣ ਇਤਿਹਾਸ 'ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅਹਿਮ ਰੋਲ ਰਿਹਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੀ ਵਾਂਗਡੋਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਕੋਲ ਆਉਣ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਮੈਦਾਨ 'ਚ ਪਹਿਲਾਂ ਵਾਲੀ ਭੂਮਿਕਾ ਨਹੀਂ ਰਹੀ। 

ਸਿੱਖ ਹਲਕਿਆਂ ਅਨੁਸਾਰ ਬਾਦਲ ਪਰਵਾਰ ਕੋਲ ਪੰਜਾਬ ਦੀ ਸੱਤਾ ਲੰਬਾ ਸਮਾਂ ਰਹਿਣ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਵੀ ਉਨ੍ਹਾਂ ਹੱਥ ਆ ਗਿਆ।  ਲੰਬਾ ਸਮਾਂ ਸਰਕਾਰ ਬਾਦਲਾਂ ਕੋਲ ਰਹਿਣ ਕਰ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ਵਰਗੇ ਘਾਗ ਸਿਆਸਤਦਾਨ ਵੀ ਮਾਤ ਖਾ ਗਏ। ਉਪਰੰਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਾਦਲ ਪਰਵਾਰ ਅਪਣੀ ਮਨਰਮਰਜ਼ੀ ਦੇ ਬਣਾਉਣ 'ਚ ਸਫ਼ਲ ਰਿਹਾ ਪਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਦਲ ਸਰਕਾਰ ਵੇਲੇ ਹੋਣ ਉਪਰੰਤ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਣ ਕਰ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਿੱਖ ਕੌਮ ਦੇ ਤਿੱਖੇ ਰੋਹ ਦੀ ਲਪੇਟ ਵਿਚ ਆ ਗਿਆ।

ਪੰਥ 'ਚ ਛੇਕੇ ਸੌਦਾ-ਸਾਧ ਦੀਆਂ ਵੋਟਾਂ ਲੈਣ ਉਪਰੰਤ ਬਿਨਾਂ ਮੰਗੇ ਮਾਫ਼ੀ ਉਸ ਨੂੰ ਤਖ਼ਤਾਂ ਦੇ ਜਥੇਦਾਰਾਂ ਕੋਲੋਂ ਦਿਵਾਉਣ ਦੇ ਮਸਲੇ 'ਚ ਬਾਦਲ ਪਰਵਾਰ ਬੁਰੀ ਤਰ੍ਹਾਂ ਘਿਰ ਗਿਆ। ਚਰਚਾ ਅਨੁਸਾਰ ਕਿਸੇ ਵੇਲੇ ਪੰਜਾਬ ਦੀਆਂ ਚੋਣਾਂ ਕਾਂਗਰਸ ਬਨਾਮ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਹੁੰਦੀਆਂ ਸਨ ਪਰ ਧਾਰਮਕ ਖੇਤਰ 'ਚ ਹੱਦ ਤੋਂ ਜ਼ਿਆਦਾ ਦਖ਼ਲ-ਅੰਦਾਜ਼ੀ ਕਰਨ ਕਰ ਕੇ ਬਾਦਲ ਪਰਵਾਰ ਤੋਂ ਸਿੱਖ ਖਫ਼ਾ ਹੋਣ ਕਰ ਕੇ, ਉਹ ਸਿਆਸੀ ਮੰਚ ਵਿਚ ਇਸ ਵੇਲੇ ਅਲੱਗ-ਥਲੱਗ ਹੋਇਆ ਪਿਆ ਹੈ।