ਬੇਅਦਬੀ ਕਾਂਡ ਤੋਂ ਬਾਅਦ ਹੋਰ ਵੀ ਅਨੇਕਾਂ ਘਟਨਾਵਾਂ ਨੇ ਬਾਦਲ ਪਰਵਾਰ ਨੂੰ ਬੁਰੀ ਤਰ੍ਹਾਂ ਉਲਝਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਤਿਹਾਸਕ ਦਰਸ਼ਨੀ ਡਿਉਢੀ ਢਾਹੁਣ ਦੀ ਘਟਨਾ ਵਿਰੁਧ ਸੰਗਤਾਂ 'ਚ ਭਾਰੀ ਰੋਸ

Protest against Beadbi Kand

ਕੋਟਕਪੂਰਾ : ਭਾਵੇਂ ਬੇਅਦਬੀ ਕਾਂਡ ਦਾ ਖ਼ਮਿਆਜ਼ਾ ਬਾਦਲ ਸਰਕਾਰ ਤੇ ਖ਼ਾਸ ਕਰ ਕੇ ਬਾਦਲ ਪਰਵਾਰ ਨੂੰ ਭੁਗਤਣਾ ਪੈ ਰਿਹਾ ਹੈ ਪਰ 'ਰੋਜ਼ਾਨਾ ਸਪੋਕਸਮੈਨ' ਦੇ 4 ਅਪ੍ਰੈਲ ਦੇ ਅੰਕ 'ਚ 'ਸਾਧ ਜਗਤਾਰ ਸਿੰਘ ਨੇ ਕਈ ਵਿਰਾਸਤੀ ਇਮਾਰਤਾਂ ਨੂੰ ਮਿੱਟੀ 'ਚ ਮਿਲਾਇਆ' ਵਾਲੀ ਖ਼ਬਰ ਅਤੇ 'ਬਲਿਊ ਸਟਾਰ ਅਪ੍ਰੇਸ਼ਨ' ਦੇ ਰੋਸ ਵਜੋਂ ਰਾਜਦੂਤ ਵਰਗੇ ਅਹਿਮ ਅਹੁਦੇ ਦਾ ਤਿਆਗ ਕਰਨ ਵਾਲੇ ਹਰਿੰਦਰ ਸਿੰਘ ਖ਼ਾਲਸਾ ਵਲੋਂ ਭਾਜਪਾ 'ਚ ਸ਼ਾਮਲ ਹੋਣਾ ਅਰਥਾਤ ਭਗਵਾਂ ਚੋਲਾ ਪਾ ਲੈਣ ਦੀਆਂ ਘਟਨਾਵਾਂ ਵੀ ਬਾਦਲ ਦਲ ਦੇ ਭਵਿੱਖ ਲਈ ਸ਼ੁਭ ਸੰਕੇਤ ਨਹੀਂ।

ਜੇਕਰ ਭਖਦੇ ਮਸਲਿਆਂ ਅਤੇ ਰਾਜਨੀਤਕ ਵਿਸ਼ਲੇਸ਼ਕਾਂ ਦੀਆਂ ਦਲੀਲਾਂ ਵਲ ਝਾਤ ਮਾਰੀ ਜਾਵੇ ਤਾਂ ਬਾਦਲਾਂ ਨੇ ਬਿਨਾਂ ਸ਼ੱਕ ਸਿੱਖ ਕੌਮ ਨੂੰ ਅਜਿਹੀ ਡੂੰਘੀ ਖਾਈ ਵਿਚ ਸੁੱਟ ਦਿਤਾ ਹੈ ਜਿਸ ਦਾ ਖ਼ਮਿਆਜ਼ਾ ਬਾਦਲ ਪਰਵਾਰ ਨੂੰ ਤਾਂ ਭੁਗਤਣਾ ਹੀ ਪਵੇਗਾ ਪਰ ਨਾਲ-ਨਾਲ ਨਵੀਂ ਪੀੜ੍ਹੀ ਨੂੰ ਵੀ ਇਸ ਦਾ ਸੇਕ ਲੱਗਣਾ ਸੁਭਾਵਕ ਹੈ।  'ਰੋਜ਼ਾਨਾ ਸਪੋਕਸਮੈਨ' ਵਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਨਾਲ ਜੁੜੀਆਂ ਪੁਰਾਤਨ ਯਾਦਗਾਰਾਂ ਬਚਾਉਣ, ਕਾਰ ਸੇਵਕਾਂ ਦੇ ਇਸ ਧੰਦੇ ਪ੍ਰਤੀ ਸੁਚੇਤ ਰਹਿਣ ਅਤੇ ਦੁਸ਼ਮਣ ਤਾਕਤਾਂ ਦੀਆਂ ਸਾਜ਼ਸ਼ਾਂ ਵਿਰੁਧ ਕੌਮ ਨੂੰ ਜਗਾਉਣ ਲਈ 'ਜਾਗਦੇ ਰਹੋ' ਦਾ ਹੌਕਾ ਦਿਤਾ ਜਾ ਰਿਹਾ ਹੈ ਪਰ ਪੰਥਕ ਰਵਾਇਤਾਂ ਨੂੰ ਰੋਲਣ, ਸਿੱਖ ਸਿਧਾਂਤਾਂ ਅਤੇ ਮਰਿਆਦਾਵਾਂ ਦਾ ਘਾਣ ਦੁਸ਼ਮਣ ਤਾਕਤਾਂ ਵਲੋਂ ਜਾਰੀ ਰੱਖਣ, ਸ਼੍ਰ੍ਰੋਮਣੀ ਕਮੇਟੀ ਵਰਗੀ ਜਥੇਬੰਦੀ ਵਲੋਂ ਦੁਸ਼ਮਣ ਤਾਕਤਾਂ ਦਾ ਸਹਿਯੋਗ ਕਰਨ ਵਾਲੀਆਂ ਘਾਤਕ ਕਾਰਵਾਈਆਂ ਦਾ ਸਿਲਸਿਲਾ ਬੇਰੋਕ ਟੋਕ ਜਾਰੀ ਹੈ।

ਕਾਰ ਸੇਵਾ ਵਾਲੇ ਸਾਧ ਜਗਤਾਰ ਸਿੰਘ ਨੇ ਤਰਨਤਾਰਨ ਦੇ ਦਰਬਾਰ ਸਾਹਿਬ ਦੀ ਲਗਭਗ 200 ਸਾਲ ਪੁਰਾਣੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੁਣ ਲਈ ਅੱਧੀ ਰਾਤ ਦਾ ਸਮਾਂ ਚੁਣਿਆ, ਸੈਂਕੜੇ ਨੌਜਵਾਨਾ ਤੇ ਹੋਰ ਸੰਗਤਾਂ ਨੇ ਵਿਰੋਧ ਕੀਤਾ, ਪੁਲਿਸ ਅਤੇ ਗੁੰਡਿਆਂ ਦੀ ਸ਼ਹਿ 'ਤੇ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਇਸ ਤੋਂ ਪਹਿਲਾਂ ਵੀ ਉਕਤ ਦਰਸ਼ਨੀ ਡਿਉਢੀ ਨਾ ਢਾਹੁਣ ਬਾਰੇ ਬਕਾਇਦਾ ਵਿਚਾਰ ਵਟਾਂਦਰਾ ਹੋਣ ਦੇ ਬਾਵਜੂਦ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਦਰਸ਼ਨੀ ਡਿਉਢੀ ਨਾ ਢਾਹੁਣ ਦਾ ਮਤਾ ਪਾਸ ਕੀਤਾ ਅਤੇ ਬਾਅਦ 'ਚ ਪ੍ਰਵਾਨਗੀ ਮਤਾ ਵੀ ਸੋਸ਼ਲ ਮੀਡੀਏ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ, ਬਿਨਾਂ ਸ਼ੱਕ ਸਿੱਖੀ ਦੇ ਖ਼ਾਤਮੇ ਲਈ ਕਾਹਲੀਆਂ ਸ਼ਕਤੀਆਂ ਨੇ ਸਿੱਖਾਂ ਤੋਂ ਉਨ੍ਹਾਂ ਦੀ ਵਿਰਾਸਤ ਖੋਹਣ, ਵਿਰਸਾ ਭੁਲਾਉਣ ਅਤੇ ਪੁਰਾਤਨ ਯਾਦਗਾਰਾਂ ਖ਼ਤਮ ਕਰਨ ਲਈ ਕਾਰਸੇਵਾ ਵਾਲੇ ਬਾਬਿਆਂ ਨੂੰ ਸੱਭ ਤੋਂ ਵੱਡਾ ਹਥਿਆਰ ਬਣਾ ਲਿਆ ਹੈ ਅਰਥਾਤ ਸਿੱਖ ਇਤਿਹਾਸ, ਯਾਦਗਾਰਾਂ ਤੇ ਸਾਡੇ ਅਮੀਰ ਵਿਰਸੇ ਨੂੰ ਸੰਗਮਰਮਰ ਥੱਲੇ ਦਬ ਦਿਤਾ ਗਿਆ ਹੈ। 

ਦੂਜੀ ਘਟਨਾ ਹਰਿੰਦਰ ਸਿੰਘ ਖ਼ਾਲਸਾ ਵਲੋਂ ਭਾਜਪਾ 'ਚ ਸ਼ਾਮਲ ਹੋਣ, ਨਵੰਬਰ 84 ਦੇ ਸਿੱਖ ਕਤਲੇਆਮ ਵਿਰੁਧ ਜੰਗ ਲੜਨ ਵਾਲੇ ਐਡਵੋਕਟ ਹਰਵਿੰਦਰ ਸਿੰਘ ਫੂਲਕਾ ਅਤੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ 'ਤੇ ਭਾਜਪਾ ਵਲੋਂ ਡੋਰੇ ਪਾ ਲੈਣ ਦੀ ਸਿੱਖਾਂ ਵਿਰੁਧ ਰਚੀ ਹੋਈ ਡੂੰਘੀ ਸਾਜ਼ਸ਼ ਦਾ ਹਿੱਸਾ ਮੰਨਿਆ ਜਾ ਸਕਦਾ ਹੈ।