ਜੇ ਸੱਜਣ ਕੁਮਾਰ ਦੇ ਭਰਾ ਨੂੰ ਲੋਕ ਸਭਾ ਟਿਕਟ ਦਿਤੀ ਤਾਂ ਕਾਂਗਰਸ ਦਾ ਬਾਈਕਾਟ ਕਰਾਂਗੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਗੁਰਦਵਾਰਾ ਕਮੇਟੀ ਨੇ ਦਿਤੀ ਚਿਤਾਵਨੀ

Manjider SIngh Sirsa during press conference

ਨਵੀਂ ਦਿੱਲੀ : ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਪਿਛੋਂ ਹੁਣ ਉਸ ਦੇ ਭਰਾ ਨੂੰ ਕਾਂਗਰਸ ਵਲੋਂ ਲੋਕ ਸਭਾ ਚੋਣਾਂ ਟਿਕਟ ਦੇਣ ਦੀ ਤਿਆਰੀ ਦੇ ਸਨਮੁਖ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਚਿਤਾਵਨੀ ਦਿਤੀ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਗੁਰਦਵਾਰਿਆਂ ਤੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ ਕੀਤਾ ਜਾਵੇਗਾ।

ਅੱਜ ਇਥੇ ਸੱਦੀ ਪੱਤਰਕਾਰ ਮਿਲਣੀ ਵਿਚ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਪੁਛਿਆ, “ਕੀ ਸੱਜਣ ਕੁਮਾਰ ਵਲੋਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਲਈ ਉਸ ਦੀ ਥਾਂ ਉਸ ਦੇ ਭਰਾ ਰਮੇਸ਼ ਕੁਮਾਰ ਨੂੰ ਤੋਹਫ਼ੇ ਵਜੋਂ ਲੋਕ ਸਭਾ ਦੀ ਟਿਕਟ ਦਿਤੀ ਜਾ ਰਹੀ ਹੈ? ਅੱਜ ਪੂਰੇ ਦੇਸ਼ ਨੂੰ ਪਤਾ ਲੱਗ ਚੁਕਾ ਹੈ ਕਿ ਸੱਜਣ ਕੁਮਾਰ ਨੂੰ ਮਰਦੇ ਦਮ ਤਕ ਉਮਰ ਕੈਦ ਹੋਈ ਹੈ ਤੇ ਸਾਰੀ ਦੁਨੀਆਂ ਜਾਣ ਚੁਕੀ ਹੈ ਕਿ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਵਾਇਆ ਸੀ, ਪਰ ਫਿਰ ਵੀ ਕਾਂਗਰਸ ਨੇ ਅਪਣੀ ਮਾਨਸਿਕਤਾ ਨੂੰ ਨਹੀਂ ਬਦਲਿਆ।'' ਉਨ੍ਹਾਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ 10 ਕਰੋੜ ਚਿੱਠੀਆਂ ਲਿਖ ਕੇ, ਰਾਹੁਲ ਗਾਂਧੀ ਦੇਸ਼ ਨੂੰ ਇਨਸਾਫ਼ ਲੈ ਕੇ ਦੇਣ ਦਾ ਤਾਂ ਰੋਡ ਮੈਪ ਸਮਝਾਉਣਗੇ, ਪਰ ਸਿੱਖਾਂ ਨੂੰ ਵੀ ਸਮਝਾਉਣ ਕਿ 35 ਸਾਲ ਬੀਤ ਜਾਣ ਦੇ ਬਾਅਦ 1984 ਦੇ ਇਨਸਾਫ਼ ਤੇ ਪੀੜਤਾਂ ਵਾਸਤੇ ਕੀ ਰੋਡ ਮੈਪ ਤਿਆਰ ਕੀਤਾ ਹੈ? 

ਉਨ੍ਹ੍ਹਾਂ ਕਿਹਾ, “ਕਾਂਗਰਸ ਦਾ ਇਨਸਾਫ਼ ਇਹ ਹੈ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਮਲ ਨਾਥ ਨੂੰ ਤਾਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿਤਾ ਗਿਆ ਤੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਐਚ.ਕੇ.ਐਲ. ਭਗਤ, ਧਰਮ ਦਾਸ ਸ਼ਾਸਤਰੀ ਨੂੰ ਐਮ ਪੀ ਤੇ ਮੰਤਰੀ ਬਣਾ ਕੇ ਨਿਵਾਜਿਆ ਗਿਆ।'' ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਲੀਡਰਸ਼ਿਪ ਨੂੰ ਬੇਨਤੀ ਕੀਤੀ ਕਿ ਉਹ ਸਿੱਖਾਂ ਦੀਆਂ ਵੋਟਾਂ ਲੈਣ ਕਰ ਕੇ, ਸਿੱਖਾਂ ਪ੍ਰਤੀ ਅਪਣਾ ਫ਼ਰਜ਼ ਨਿਭਾਉਣ ਤੇ ਕਿਸੇ ਵੀ ਸੂਰਤ ਵਿਚ ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਨਾ ਦੇਣ ਲਈ ਕਾਂਗਰਸ ਹਾਈਕਮਾਨ 'ਤੇ ਦਬਾਅ ਬਣਾਉਣ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਸ.ਹਰਵਿੰਦਰ ਸਿੰਘ ਕੇਪੀ ਤੇ ਹੋਰ ਅਹੁਦੇਦਾਰ ਸ਼ਾਮਲ ਹੋਏ।