ਗਰਮੀਆਂ 'ਚ ਖਿੱਚ ਦਾ ਕੇਂਦਰ ਹੈ ਲੇਹ ਦਾ ਗੁਰਦਵਾਰਾ
ਸ੍ਰੀਨਗਰ ਤੋਂ ਲੇਹ ਲਦਾਖ ਬਰਾਸਤਾ ਕਾਰਗਿਲ ਪਲੀਵੇਅ ਤੋਂ ਲੇਹ ਤਕ ਸਿਰਫ਼ 23 ਕਿਲੋਮੀਟਰ ਦੀ ਦੂਰੀ 'ਤੇ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਗਰਮੀਆਂ......
ਸ੍ਰੀਨਗਰ : ਸ੍ਰੀਨਗਰ ਤੋਂ ਲੇਹ ਲਦਾਖ ਬਰਾਸਤਾ ਕਾਰਗਿਲ ਪਲੀਵੇਅ ਤੋਂ ਲੇਹ ਤਕ ਸਿਰਫ਼ 23 ਕਿਲੋਮੀਟਰ ਦੀ ਦੂਰੀ 'ਤੇ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਗਰਮੀਆਂ ਦੇ ਦਿਨਾਂ ਵਿਚ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਨ ਲੱਗ ਪਿਆ ਹੈ। ਪਿਛਲੇ ਦੋ ਸਾਲ 2016 ਵਿਚ ਬਣੇ ਆਲ ਆਊਟ ਅਪ੍ਰੇਸ਼ਨ ਅਤੇ ਸਰਜੀਕਲ ਸਟਰਾਈਕ ਕਾਲ ਕਸ਼ਮੀਰ ਵਾਦੀ ਵਿਚ ਗੜਬੜੀ ਵਾਲਾ ਮਾਹੌਲ ਸੀ ਤਾਂ ਉਨ੍ਹਾਂ ਦਿਨਾਂ ਵਿਚ ਇਸ ਗੁਰਦਵਾਰੇ ਵਿਚ ਸ਼ਰਧਾਲੂਆਂ ਦੀ ਗਿਣਤੀ ਘੱਟ ਗਈ ਸੀ। ਇਹ ਗਿਣਤੀ ਰੋਜ਼ 500 ਤੋਂ ਮੁਸ਼ਕਲ ਨਾਲ ਇਕ ਹਜ਼ਾਰ ਹੋਈ ਸੀ
ਪਰ ਜਦ ਮਾਹੌਲ ਸੁਖਾਵਾਂ ਹੋਣ ਲੱਗ ਪਿਆ ਹੈ ਅਤੇ ਗਰਮੀਆਂ ਦਾ ਮੌਸਮ ਹੈ ਤਾਂ ਇਹ ਗਿਣਤੀ ਵੱਧ ਕੇ ਰੋਜ਼ਾਨਾ 5 ਹਜ਼ਾਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਗੁਰਦਵਾਰੇ ਦੀ ਉਸਾਰੀ ਅਤੇ ਇਸ ਦਾ ਸਾਰਾ ਪ੍ਰਬੰਧ ਪਿਛਲੇ ਸਮੇਂ ਤੋਂ ਫ਼ੌਜ ਦੀਆਂ ਵੱਖ-ਵੱਖ ਬਟਾਲੀਅਨਾਂ ਤੇ ਯੂਨਿਟਾਂ ਵਲੋਂ ਕੀਤਾ ਜਾਂਦਾ ਹੈ। ਇਸ ਵੇਲੇ ਇਸ ਦੇ ਮੁੱਖ ਸੇਵਾਦਾਰ ਸੂਬੇਦਾਰ ਹਰਪਾਲ ਸਿੰਘ ਹਨ ਅਤੇ ਉਨ੍ਹਾਂ ਮੁਤਾਬਕ ਇਹ ਗੁਰਦਵਾਰਾ ਵਧੇਰੇ ਕਰ ਕੇ ਮਈ ਤੋਂ ਸਤੰਬਰ ਤਕ ਖੁਲ੍ਹਾ ਰਹਿੰਦਾ ਹੈ ਅਤੇ ਇਸੇ ਕਾਰਨ ਲੇਹ ਲਦਾਖ ਅਤੇ ਦੂਰ-ਨੇੜੇ ਦੀ ਸੈਰ ਕਰਨ ਆਏ ਸ਼ਰਧਾਲੂਆਂ ਤੋਂ ਬਿਨਾਂ ਕੁੱਝ ਸਥਾਨਕ ਸ਼ਰਧਾਲੂ ਵੀ ਇਥੇ ਨਤਮਸਤਕ ਹੁੰਦੇ ਹਨ
ਪਰ ਬਰਫ਼ਬਾਰੀ ਦੇ ਦਿਨਾਂ ਦੌਰਾਨ ਹਾਜ਼ਰੀ ਨਾਮਾਤਰ ਹੀ ਹੁੰਦੀ ਹੈ। ਗੁਰਦਵਾਰੇ ਵਿਚ ਸਵੇਰੇ 7:30 ਵਜੇ ਤੋਂ ਲੈ ਕੇ ਰਾਤ ਦੇ 9:30 ਵਜੇ ਤਕ ਲੰਗਰ ਚਲਦਾ ਹੈ ਪਰ ਇਥੇ ਸ਼ਰਧਾਲੂਆਂ ਦੇ ਰਾਤ ਠਹਿਰਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦਸਿਆ ਕਿ ਇਸ ਵੇਲੇ ਇਸ ਦਾ ਪ੍ਰਬੰਧ ਫ਼ਸਟ ਸਿੱਖ ਰੈਜ਼ੀਮੈਂਟ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹ ਸੇਵਾ ਇਸ ਨੂੰ ਲੰਮੇ ਅਰਸੇ ਬਾਅਦ ਮਿਲੀ ਹੈ। ਦਸਿਆ ਗਿਆ ਹੈ ਕਿ ਇਸ ਗੁਰਦਵਾਰੇ ਦਾ ਪਿਛੋਕੜ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਦਾ ਹੈ। ਜਦ ਸ੍ਰੀ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ 'ਤੇ ਨੇਪਾਲ ਅਤੇ ਤਿੱਬਤ ਵਲ ਗਏ ਤਾਂ ਉਥੋਂ ਵਾਪਸੀ 'ਤੇ ਉਹ ਇਸ ਥਾਂ ਪੁੱਜੇ।
ਇਸ ਸਮੇਂ ਉਹ ਪ੍ਰਭੂ ਭਗਤੀ ਵਿਚ ਲੀਨ ਸਨ ਤਾਂ ਤਦੇ ਇਸ ਖੇਤਰ ਵਿਚ ਰਹਿੰਦੇ ਇਕ ਵਿਅਕਤੀ ਨੇ ਪਹਾੜੀ ਉਪਰੋਂ ਇਕ ਵੱਡਾ ਪੱਥਰ ਹੇਠਾਂ ਨੂੰ ਗੁਰੂ ਸਾਹਿਬ ਵਲ ਰੋੜ੍ਹ ਦਿਤਾ। ਇਹ ਗੁਰਦਵਾਰਾ ਫ਼ੌਜ ਦੇ ਪ੍ਰਬੰਧਾਂ ਕਰ ਕੇ ਸਿੱਖ ਸ਼ਰਧਾਲੂਆਂ ਵਿਚ ਹਰਮਨਪਿਆਰਾ ਹੈ। ਸੜਕੀ ਆਵਾਜਾਈ ਰਾਹੀਂ ਇਥੇ ਸ੍ਰੀਨਗਰ ਤੋਂ ਬਰਾਸਤਾ ਕਾਰਗਿਲ ਪੁਜਿਆ ਜਾ ਸਕਦਾ ਹੈ ਅਤੇ ਉਹ ਵੀ ਸਿਰਫ਼ ਗਰਮੀਆਂ ਦੀ ਰੁੱਤੇ ਪਰ ਹਵਾਈ ਜਹਾਜ਼ ਰਾਹੀਂ ਇਥੇ 12 ਮਹੀਨੇ ਹੀ ਪੁਜਿਆ ਜਾ ਸਕਦਾ ਹੈ। (ਏਜੰਸੀ)