ਸੈਕ੍ਰੇਡ ਗੇਮਸ ਸੀਜ਼ਨ 2 ਦੇ ਸੀਨ ‘ਤੇ ਭੜਕੇ ਮਨਜਿੰਦਰ ਸਿੰਘ ਸਿਰਸਾ, ਸੀਨ ਹਟਾਉਣ ਦੀ ਕੀਤੀ ਮੰਗ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਮਨਜਿੰਦਰ ਸਿੰਘ ਸਿਰਸਾ ਨੇ ਵੈਬ ਸੀਰੀਜ਼ ‘ਸੈਕ੍ਰੇਡ ਗੇਮਸ ਸੀਜ਼ਨ 2’ (Sacred Games 2) ‘ਤੇ ਧਾਰਮਿਕ ਚਿੰਨ੍ਹਾ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਗਾਇਆ ਹੈ।

Sacred Games 2

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੈਬ ਸੀਰੀਜ਼ ‘ਸੈਕ੍ਰੇਡ ਗੇਮਸ ਸੀਜ਼ਨ 2’ (Sacred Games 2) ‘ਤੇ ਧਾਰਮਿਕ ਚਿੰਨ੍ਹਾ ਦਾ ਨਿਰਾਦਰ ਕਰਨ ਦਾ ਇਲਜ਼ਾਮ ਲਗਾਇਆ ਹੈ। ਸਿਰਸਾ ਨੇ ਕਿਹਾ ਕਿ ਸੈਕ੍ਰੇਡ ਗੇਮਸ ਵਿਚ ਸੈਫ਼ ਅਲੀ ਖ਼ਾਨ ਨੇ ਅਪਣਾ ਕੜਾ ਸਮੁੰਦਰ ਵਿਚ ਸੁੱਟਿਆ ਹੈ। ਉਹਨਾਂ ਕਿਹਾ ਕਿ ਅਨੁਰਾਗ ਕਸ਼ਿਅਪ ਨੇ ਜਾਣਬੂਝ ਕੇ ਇਸ ਸੀਨ ਨੂੰ ਸੀਰੀਜ਼ ਵਿਚ ਰੱਖਿਆ ਹੈ।

ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਬਾਲੀਵੁੱਡ ਸਿੱਖ ਧਰਮ ਦੇ ਧਾਰਮਿਕ ਚਿੰਨ੍ਹ ਦਾ ਨਿਰਾਦਰ ਕਿਉਂ ਕਰਦਾ ਹੈ। ਉਹਨਾਂ ਨੇ ਇਸ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੀਨ ਨਹੀਂ ਹਟਾਇਆ ਗਿਆ ਕਾਂ ਉਹ ਪ੍ਰੋਡਕਸ਼ਨ ਟੀਮ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਦੱਸ ਦਈਏ ਕਿ ਨੈਟਫਲਿਕਸ ਦੀ ਮਸ਼ਹੂਰ ਸੀਰੀਜ਼ ਸੈਕ੍ਰੇਡ ਗੇਮਸ ਵਿਚ ਇਸ ਸੀਨ ਨਾਲ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਸੀਨ ਵਿਚ ਸੈਫ਼ ਅਲੀ ਖ਼ਾਨ ਨੂੰ ਹੱਥ ਵਿਚੋਂ ਕੜਾ ਉਤਾਰ ਕੇ ਸਮੁੰਦਰ ਵਿਚ ਸੁੱਟਦੇ ਹੋਏ ਦਿਖਾਇਆ ਗਿਆ ਹੈ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ।

 


 

ਦਿੱਲੀ ਵਿਚ ਅਕਾਲੀ ਦਲ ਦੇ ਆਗੂ ਅਤੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਕ ਟਵੀਟ ਦੇ ਜ਼ਰੀਏ ਅਪਣਾ ਇਤਰਾਜ਼ ਜ਼ਾਹਿਰ ਕਰਦੇ ਹੋਏ ਇਸ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸਿਰਸਾ ਨੇ ਕਿਹਾ ਹੈ ਕਿ ਸਿੱਖ ਧਰਮ ਵਿਚ ਪੰਜ ਕਕਾਰ ਜਿਨ੍ਹਾਂ ਵਿਚ ਕੜਾ ਵੀ ਸ਼ਾਮਲ ਹੈ, ਇਹ ਸਾਰੇ ਕਕਾਰ ਧਰਮ ਦੀ ਮਰਿਆਦਾ ਨਾਲ ਜੁੜੇ ਹਨ, ਜਿਨ੍ਹਾਂ ਦਾ ਨਿਰਾਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 


 

ਸਿਰਸਾ ਨੇ ਸੀਰੀਜ਼ ਦੇ ਨਿਰਮਾਤਾ ਅਨੁਰਾਗ ਕਸ਼ਿਅਪ ਨੂੰ ਸਲਾਹ ਦਿੱਤੀ ਹੈ ਕਿ ਉਹ ਭਵਿੱਖ ਵਿਚ ਜੇਕਰ ਕਿਸੇ ਫ਼ਿਲਮ ਵਿਚ ਸਿੱਖ ਕਰੈਕਟਰ ਨੂੰ ਫਿਲਮਾਉਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਸਿਧਾਂਤਾਂ ਬਾਰੇ ਸਮਝ ਲੈਣ। ਸੈਕ੍ਰੇਡ ਗੇਮਜ਼ ਵਿਚ ਅਦਾਕਾਰ ਸੈਫ਼ ਅਲੀ ਖ਼ਾਨ ਇੰਸਪੈਕਟਰ ਸਰਤਾਜ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ ਜੋ ਕਿ ਇਕ ਸਿੱਖ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।