ਸਿਰਸਾ ਤੇ ਗੋਪਾਲ ਸਿੰਘ ਚਾਵਲਾ ਦੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਇਆ
ਦੋਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਉ ਬਣਾ ਕੇ ਦਿਤਾ ਸਪਸ਼ਟੀਕਰਨ
ਅੰਮ੍ਰਿਤਸਰ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ ਦੀ ਇਕ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਇਆ ਹੋਇਆ ਹੈ। ਇਸ ਤਸਵੀਰ ਨੂੰ ਲੈ ਕੇ ਸ. ਸਿਰਸਾ ਅਤੇ ਗੋਪਾਲ ਸਿੰਘ ਚਾਵਲਾ ਨੇ ਆਪੋ ਅਪਣੇ ਸਪਸ਼ਟੀਕਰਨ ਦੀ ਵੀਡੀਉ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਦਿਤੀ ਹੈ।
ਸ. ਸਿਰਸਾ ਨੇ ਕਿਹਾ ਕਿ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਆਉਣ 'ਤੇ ਉਹ ਇਕ ਕਮਰੇ ਵਿਚ ਬੈਠੇ ਸਨ ਕਿ ਅਚਾਨਕ ਵਿਵਾਦਤ ਵਿਅਕਤੀ ਗੋਪਾਲ ਸਿੰਘ ਚਾਵਲਾ ਆ ਗਿਆ ਜਿਸ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ, ਪਰ ਉਹ ਕਮਰੇ ਵਿਚੋਂ ਬਾਹਰ ਆ ਗਏ। ਉਸ ਨੇ ਮੇਰੇ ਨਾਲ ਮਿਲਣ ਦੀ ਗੱਲ ਕੀਤੀ ਤੇ ਮੈਂ ਇਨਕਾਰ ਕਰ ਦਿਤਾ। ਕਿਸੇ ਨੇ ਪਿਛੋਂ ਸ਼ਰਾਰਤ ਨਾਲ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿਤੀ। ਸ. ਸਿਰਸਾ ਨੇ ਕਿਹਾ,''ਮੈਂ ਇਕ ਦੇਸ਼ਪ੍ਰਸਤ ਵਿਅਕਤੀ ਹਾਂ ਤੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲਾਂਗਾ।''
ਸ. ਸਿਰਸਾ ਦੇ ਸਪਸ਼ਟੀਕਰਨ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਦੀ ਵੀ ਇਕ ਵੀਡੀਉ ਜਨਤਕ ਹੋਈ ਜਿਸ ਵਿਚ ਸ. ਚਾਵਲਾ ਨੇ ਕਿਹਾ,''ਸ. ਸਿਰਸਾ ਸਾਡੇ ਮਹਿਮਾਨ ਹਨ ਤੇ ਮੈਂ ਉਨ੍ਹਾਂ ਨਾਲ ਸਿਰਫ਼ ਨਸ਼ਿਆਂ, ਖ਼ੁਦਕੁਸ਼ੀਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਮੈਂ ਇਹ ਕਿਹਾ ਸੀ ਕਿ ਤੁਸੀਂ ਇਕ ਉਚ ਅਹੁਦੇ 'ਤੇ ਬੈਠੇ ਹੋ ਤੇ ਇਸ ਮਾਮਲੇ 'ਤੇ ਜ਼ਰੂਰ ਗੱਲ ਕਰੋ।'' ਚਾਵਲਾ ਨੇ ਕਿਹਾ,''ਮੈਂ ਉਨ੍ਹਾਂ ਕਿਹਾ ਕਿ ਤੁਸੀਂ ਆਰ.ਐਸ.ਐਸ. ਤੋਂ ਮਜਬੂਰ ਹੋ ਸਕਦੇ ਹੋ।''
ਉਨ੍ਹਾਂ ਕਿਹਾ,''ਮੈਂ ਸਿਰਸਾ ਨਾਲ ਜੱਫ਼ੀ ਪਾਈ ਤੇ ਕਿਹਾ ਕਿ ਕੋਈ ਵੀ ਸੇਵਾ ਦਸੋ।'' ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਿਰਸਾ ਉਠ ਕੇ ਚਲੇ ਗਏ। ਦਸਣਯੋਗ ਹੈ ਕਿ ਰਾਜਨੀਤੀ 'ਤੇ ਇਸ ਸਮੇਂ ਜੱਫੀਆਂ ਦੀ ਸਿਆਸਤ ਭਾਰੂ ਹੋ ਰਹੀ ਹੈ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਫ਼ੌਜ ਦੇ ਮੁਖੀ ਜਰਨਲ ਬਾਜਵਾ ਨਾਲ ਪਈ ਜੱਫੀ ਕਾਰਨ ਪੰਜਾਬ ਦੀ ਰਾਜਨੀਤੀ ਵਿਚ ਜੋ ਭੂਚਾਲ ਆਇਆ ਉਸ ਤੋਂ ਬਾਅਦ ਹੁਣ ਸਿਰਸਾ-ਚਾਵਲਾ ਜਫੀ ਕੀ ਗੁਲ ਖਿਲਾਏਗੀ ਇਹ ਵਿਚਾਰਨ ਦੀ ਗੱਲ ਹੈ।