ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦਾ ਪੰਥ ਵਿਰੋਧੀ ਚਿਹਰਾ ਹੋਇਆ ਬੇਨਕਾਬ
1968 'ਚ ਹਿੰਦੀ ਫ਼ਿਲਮ 'ਆਂਖੇ' ਫ਼ਿਲਮ ਦਾ ਗੀਤ 'ਗ਼ੈਰੋਂ ਪੇ ਕਰਮ-ਅਪਨੋਂ ਪੇ ਸਿਤਮ' ਤਖ਼ਤਾਂ ਦੇ ਜਥੇਦਾਰਾਂ ਦੀ 'ਰੋਜ਼ਾਨਾ ਸਪੋਕਸਮੈਨ'.....
ਕੋਟਕਪੂਰਾ : 1968 'ਚ ਹਿੰਦੀ ਫ਼ਿਲਮ 'ਆਂਖੇ' ਫ਼ਿਲਮ ਦਾ ਗੀਤ 'ਗ਼ੈਰੋਂ ਪੇ ਕਰਮ-ਅਪਨੋਂ ਪੇ ਸਿਤਮ' ਤਖ਼ਤਾਂ ਦੇ ਜਥੇਦਾਰਾਂ ਦੀ 'ਰੋਜ਼ਾਨਾ ਸਪੋਕਸਮੈਨ' ਅਤੇ ਸ. ਜੋਗਿੰਦਰ ਸਿੰਘ ਸਮੇਤ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਵਿਦਵਾਨਾਂ ਤੇ ਪ੍ਰਚਾਰਕਾਂ ਵਿਰੁਧ ਸੋਚ 'ਤੇ ਸਹੀ ਢੁਕਦਾ ਹੈ ਕਿਉਂਕਿ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਸੁਪਰੀਮੋ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਪੰਥ ਦਾ ਘਾਣ ਕਰਨ ਵਾਲਿਆਂ ਨੂੰ ਤਾਂ ਕੁੱਝ ਨਹੀਂ ਕਹਿੰਦੇ ਸਗੋਂ ਉਨ੍ਹਾਂ ਨਾਲ ਦੋਸਤਾਨਾ ਸਬੰਧ ਬਣਾ ਕੇ ਰਖਦੇ ਹਨ ਜਦਕਿ ਉਪਰੋਕਤ ਦਰਸਾਏ ਗਏ ਸੰਪਾਦਕਾਂ,
ਵਿਦਵਾਨਾਂ ਤੇ ਪ੍ਰਚਾਰਕਾਂ ਨੂੰ ਬਿਨਾਂ ਕਸੂਰੋਂ ਜ਼ਲੀਲ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਮਿਸਾਲ ਦੇ ਤੌਰ 'ਤੇ 16 ਮਾਰਚ 2010 ਨੂੰ ਰੋਜ਼ਾਨਾ ਸਪੋਕਸਮੈਨ 'ਚ ਸ. ਜੋਗਿੰਦਰ ਸਿੰਘ ਵਲੋਂ ਲਿਖੀ ਗਈ ਸੰਪਾਦਕੀ 'ਚ ਕੁੱਝ ਵੀ ਇਤਰਾਜ਼ਯੋਗ ਨਾ ਹੋਣ ਦੇ ਦਰਜਨਾਂ ਵਿਦਵਾਨਾਂ, ਇਤਿਹਾਸਕਾਰਾਂ, ਪ੍ਰਚਾਰਕਾਂ ਤੇ ਪੰਥਦਰਦੀਆਂ ਦੇ ਦਾਅਵਿਆਂ ਦੇ ਬਾਵਜੂਦ ਸ. ਜੋਗਿੰਦਰ ਸਿੰਘ ਵਿਰੁਧ ਅੰਮ੍ਰਿਤਸਰ ਵਿਖੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰ ਦਿਤਾ ਗਿਆ ਜਿਸ ਲਈ ਬਿਨਾਂ ਕਸੂਰੋਂ ਉਨ੍ਹਾਂ ਨੂੰ ਅੱਜ ਵੀ ਅਦਾਲਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਹਿੰਦੀ ਪੁਸਤਕ ਸਿੱਖ ਇਤਿਹਾਸ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੁਲਾਜ਼ਮਾਂ ਤੇ ਮੈਂਬਰਾਂ ਦੀਆਂ ਮਨਮੱਤੀ ਕਾਰਵਾਈਆਂ ਜਨਤਕ ਹੋਣ ਦੇ ਬਾਵਜੂਦ ਨਾ ਤਾਂ ਤਖ਼ਤਾਂ ਦੇ ਜਥੇਦਾਰ ਕੁਸਕਦੇ ਹਨ ਤੇ ਨਾ ਹੀ ਕਿਸੇ ਤਥਾਕਥਿਤ ਪੰਥਦਰਦੀ ਦੀਆਂ ਭਾਵਨਾਵਾਂ ਨੂੰ ਠੇਸ ਪੁਜਦੀ ਹੈ। ਇਸ ਤੋਂ ਇਲਾਵਾ ਗੁਰਬਾਣੀ 'ਤੇ ਕਿੰਤੂ ਕਰਨ ਵਾਲੇ ਸਾਧ ਨਰੈਣ ਦਾਸ ਵਿਰੁਧ ਉਨ੍ਹਾਂ ਲੋਕਾਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਦਰਜ ਕਿਉਂ ਨਾ ਕਰਾਈ ਜਿਨ੍ਹਾਂ ਨੇ ਉਸ ਸਮੇਂ ਸ. ਜੋਗਿੰਦਰ ਸਿੰਘ ਵਿਰੁਧ ਝੂਠੀ ਸ਼ਿਕਾਇਤ ਦੇ ਆਧਾਰ 'ਤੇ ਅੰਮ੍ਰਿਤਸਰ ਵਿਖੇ ਪਰਚਾ ਦਰਜ ਕਰਵਾਇਆ ਸੀ।
ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ ਰੋਜ਼ਾਨਾ ਸਪੋਕਸਮੈਨ ਵਲੋਂ ਮਨੁੱਖੀ ਹੱਕਾਂ, ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੇ ਖੇਤਰ 'ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਜੇ ਜ਼ਿਕਰ ਕਰਨਾ ਹੋਵੇ ਤਾਂ ਹਜ਼ਾਰਾਂ ਪੰਨ੍ਹੇ ਭਰੇ ਜਾ ਸਕਦੇ ਹਨ। ਅਕਾਲੀ ਦਲ ਬਾਦਲ ਨੇ ਸਾਕਾ ਨੀਲਾ ਤਾਰਾ ਅਤੇ ਦਿੱਲੀ ਸਿੱਖ ਕਤਲੇਆਮ ਦੇ ਮੁੱਦਿਆਂ 'ਤੇ ਲੰਮਾ ਸਮਾਂ ਸਿਆਸੀ ਰੋਟੀਆਂ ਸੇਕੀਆਂ ਪਰ ਨਾ ਤਾਂ ਦਿੱਲੀ ਸਿੱਖ ਕਤਲੇਆਮ ਤੋਂ ਪੀੜਤ ਵਿਧਵਾਵਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਈ ਗਈ ਤੇ ਨਾ ਹੀ ਸਾਕਾ ਨੀਲਾ ਤਾਰਾ ਨਾਲ ਸਬੰਧਤ ਧਰਮੀ ਫ਼ੌਜੀਆਂ ਦੇ ਪਰਵਾਰਾਂ ਨੂੰ ਕੋਈ ਰਾਹਤ ਦੇਣ ਦੀ ਗੱਲ ਕੀਤੀ।
ਹੁਣ ਤਾਜ਼ਾ ਮਸਲਾ ਸਾਕਾ ਨੀਲਾ ਤਾਰਾ ਨਾਲ ਸਬੰਧਤ ਉਨ੍ਹਾਂ ਜੋਧਪੁਰ ਦੀ ਬਿਨਾਂ ਕਸੂਰੋਂ ਜੇਲ ਕੱਟਣ ਵਾਲੇ ਸਿੱਖਾਂ ਦਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ 34 ਸਾਲਾਂ ਬਾਅਦ 4-4 ਲੱਖ ਰੁਪਏ ਮੁਆਵਜ਼ੇ ਦੀ ਰਾਹਤ ਦੇਣ ਦਾ ਅਦਾਲਤ ਨੇ ਆਦੇਸ਼ ਦਿਤਾ ਜਿਸ ਦਾ ਭਾਜਪਾ ਵਲੋਂ ਵਿਰੋਧ ਕਰਨ ਦੀਆਂ ਖ਼ਬਰਾਂ ਜਨਤਕ ਹੋਣ ਦੇ ਬਾਵਜੂਦ ਅਕਾਲੀ ਦਲ ਬਾਦਲ, ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੇ ਕੁਸਕਣ ਦੀ ਜੁਰਅੱਤ ਨਾ ਕੀਤੀ। ਲੰਗਰਾਂ 'ਤੇ ਲੱਗਣ ਵਾਲਾ ਜੀਐਸਟੀ, 'ਰਾਜ ਕਰੇਗਾ ਖ਼ਾਲਸਾ' ਆਖਣ 'ਤੇ ਪਾਬੰਦੀ, ਪੰਜਾਬ ਤੋਂ ਬਾਹਰ ਜਾਣ ਵਾਲੇ ਸਿੱਖ ਯਾਤਰੀਆਂ ਦੀਆਂ ਗੱਡੀਆਂ ਤੋਂ ਕੇਸਰੀ ਝੰਡੇ ਉਤਾਰਨ, ਜੱਜ ਵਲੋਂ ਪੱਗ 'ਤੇ ਸਵਾਲ ਕਰਨ,
ਅਸਿੱਧੇ ਢੰਗ ਨਾਲ ਰਿਫਰੈਂਡਮ 2020 ਦਾ ਵਿਰੋਧ, ਸ਼ਿਲਾਂਗ ਵਿਖੇ ਸਿੱਖ ਪਰਿਵਾਰਾਂ 'ਤੇ ਹਮਲੇ ਵਰਗੀਆਂ ਅਨੇਕਾਂ ਘਟਨਾਵਾਂ ਦਾ ਜਿਕਰ ਕੀਤਾ ਜਾ ਸਕਦਾ ਹੈ, ਜਿੰਨਾ 'ਚ ਅਜੇ ਤੱਕ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੇ ਜਥੇਦਾਰਾਂ ਨੇ ਅਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਭਾਜਪਾ ਦੀ ਹਮਖਿਆਲੀ ਪਾਰਟੀ ਸ਼ਿਵ ਸੈਨਾ ਨਰਿੰਦਰ ਮੋਦੀ, ਅਮਿਤ ਸ਼ਾਹ ਸਮੇਤ ਸੀਨੀਅਰ ਭਾਜਪਾ ਆਗੂਆਂ 'ਚ ਨੁਕਸ ਕੱਢਣ ਤੋਂ ਗੁਰੇਜ਼ ਨਹੀਂ ਕਰਦੀ।
ਇਸ ਤੋਂ ਇਲਾਵਾ ਚੰਦਰਬਾਬੂ ਨਾਇਡੂ, ਮਮਤਾ ਬੈਨਰਜੀ, ਲਾਲੂ ਪ੍ਰਸ਼ਾਦ ਯਾਦਵ, ਮਾਇਆਵਤੀ, ਅਖਿਲੇਸ਼ ਯਾਦਵ ਵਰਗੇ ਦਰਜਨਾਂ ਹੋਰ ਪਹਿਲੀ ਕਤਾਰ ਦੇ ਸਿਆਸਤਦਾਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜੋ ਕਾਂਗਰਸ ਜਾਂ ਭਾਜਪਾ ਨਾਲ ਗਠਜੋੜ ਕਰਨ ਤੋਂ ਪਹਿਲਾਂ ਅਪਣੀਆਂ ਤੇ ਅਪਣੇ ਸੂਬੇ ਦੀਆਂ ਮੰਗਾਂ ਮਨਵਾਉਣ ਦੀ ਸ਼ਰਤ ਰਖਦੇ ਹਨ ਪਰ ਅਕਾਲੀ ਦਲ ਬਾਦਲ ਪਤਾ ਨਹੀਂ ਕਿਉਂ ਪੰਥ ਅਤੇ ਸੂਬੇ ਦੇ ਹਿਤਾਂ ਨੂੰ ਕੁਰਬਾਨ ਕਰ ਕੇ ਬਿਨਾਂ ਸ਼ਰਤ ਭਾਜਪਾ ਦੀ ਹਮਾਇਤ ਕਰਨ ਲਈ ਮਜਬੂਰ ਹੈ?