ਭੈਣ ਨੇ ਖੁਆਈ ਖਿਚੜੀ, ਰਾਜੋਆਣਾ ਦੀ ਹੜਤਾਲ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਡੇਢ ਮਹੀਨੇ ਦਾ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਪਟਿਆਲਾ.........

Rajoana With sister Kamaljit Kaur

ਪਟਿਆਲਾ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਡੇਢ ਮਹੀਨੇ ਦਾ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਅਪਣੀ ਭੁੱਖ ਹੜਤਾਲ ਖ਼ਤਮ ਕਰ ਦਿਤੀ। ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਖਿਚੜੀ ਖੁਆ ਕੇ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਵਾਈ । ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਗੌਂਵਾਲ ਅਤੇ ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਕੇਂਦਰੀ ਜੇਲ ਪਟਿਆਲਾ

ਵਿਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਲਗਭਗ ਇਕ ਘੰਟਾ ਹੋਈ ਮੁਲਾਕਾਤ ਤੋਂ ਬਾਅਦ ਜੇਲ ਤੋਂ ਬਾਹਰ ਆਉਂਦਿਆ ਲੌਂਗੋਵਾਲ ਅਤੇ ਚੰਦੂਮਾਜਰਾ ਨੇ ਦਸਿਆ ਕਿ ਰਾਜੋਆਣਾ ਨੂੰ ਇਹ ਦਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਵਧੀਆ ਢੰਗ ਨਾਲ ਗੱਲ ਸੁਣੀ। ਕੇਂਦਰੀ ਗ੍ਰਹਿ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅਪੀਲ ਦਾ ਛੇਤੀ ਹੀ ਨਿਪਟਾਰਾ ਕਰ ਦਿਤਾ ਜਾਵੇਗਾ ਜਿਸ ਤੋਂ ਬਾਅਦ ਰਾਜੋਆਣਾ ਨੇ ਅਪਣੀ ਭੁੱਖ ਹੜਤਾਲ ਖ਼ਤਮ ਕਰ ਦਿਤੀ।  ਲੌਂਗੋਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਾਲ 2012 ਵਿਚ ਬਲਵੰਤ ਸਿੰਘ ਰਾਜੋਆਣਾ ਦੇ ਡੈਥ ਵਾਰੰਟ ਜਾਰੀ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ

ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਲਈ ਅਪੀਲ ਦਾਖ਼ਲ ਕੀਤੀ ਗਈ ਸੀ ਜੋ ਰਾਸਟਰਪਤੀ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਪਹੁੰਚ ਗਈ ਹੈ। ਸ਼੍ਰੋਮਣੀ ਕਮੇਟੀ ਵਲੋਂ ਲਗਾਤਾਰ ਇਸ ਦੀ ਪੈਰਵਾਈ ਕੀਤੀ ਜਾ ਰਹੀ ਹੈ ਪਰ 6 ਸਾਲ ਬੀਤ ਜਾਣ ਬਾਵਜੁਦ ਵੀ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇਸ ਅਪੀਲ ਦਾ ਜਲਦ ਹੀ ਨਿਪਟਾਰਾ ਕਰ ਦਿਤਾ ਜਾਵੇਗਾ। ਲੌਂਗੋਵਾਲ ਨੇ ਲਿਖਤੀ ਭਰੋਸਾ ਦਿਤਾ ਕਿ ਜੇ ਡੇਢ ਮਹੀਨੇ ਵਿਚ ਇਸ ਅਪੀਲ 'ਤੇ ਕਾਰਵਾਈ ਨਾ ਹੋਈ ਤਾਂ ਮੁੜ ਕੇਂਦਰ ਤਕ ਪਹੁੰਚ ਕੀਤੀ ਜਾਵੇਗੀ।