ਭਾਈ ਰਾਜੋਆਣਾ ਦੀ ਭੁੱਖ ਹੜਤਾਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਜੇਲ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿਤੀ.........

Balwant Singh Rajoana

ਪਟਿਆਲਾ : ਪਿਛਲੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੇਂਦਰੀ ਜੇਲ੍ਹ ਪਟਿਆਲਾ  ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਜੇਲ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿਤੀ। ਭੁੱਖ ਹੜਤਾਲ ਦਾ ਇਹ ਕਦਮ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬੇਰੁਖ਼ੀ ਕਾਰਨ ਚੁਕਣਾ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਰਜੀਤ ਸਿੰਘ ਗੜ੍ਹੀ ਮੈਬਰ ਐਸ.ਜੀ.ਪੀ ਸੀ ਦੀ ਅਗਵਾਈ ਵਿਚ ਵਫ਼ਦ ਭਾਈ ਰਾਜੋਆਣਾ ਨੂੰ ਮਿਲਣ ਲਈ ਭੇਜਿਆ ਗਿਆ ਤਾਂ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ।

ਸੁਰਜੀਤ ਸਿੰਘ ਗੜ੍ਹੀ ਨੇ ਪੱਤਰਕਾਰਾਂ ਨੂੰ ਦਸਿਆ, 'ਗੱਲਬਾਤ ਬੜੇ ਵਧੀਆ ਮਾਹੌਲ ਵਿਚ ਹੋਈ ਹੈ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਵਲੋਂ 18 ਤਰੀਕ ਨੂੰ ਕੇਂਦਰੀ ਮੰਤਰਾਲੇ ਨੂੰ ਵਫ਼ਦ ਮਿਲੇਗਾ, ਇਸ ਲਈ 18 ਤਰੀਕ ਤਕ ਭੁੱਖ ਹੜਤਾਲ ਖ਼ਤਮ ਕੀਤੀ ਜਾਵੇ ਪਰ ਭਾਈ ਸਾਹਿਬ ਨੇ ਸਾਡੀ ਇਸ ਬੇਨਤੀ ਨੂੰ ਕਬੂਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦ ਤਕ ਕੇਂਦਰੀ ਮੰਤਰਾਲਾ ਇਸ ਅਪੀਲ ਨੂੰ ਰਾਸ਼ਟਰਪਤੀ ਕੋਲ ਭੇਜ ਨਹੀਂ ਦਿੰਦਾ।' ਇੰਜ ਸ਼੍ਰੋਮਣੀ ਕਮੇਟੀ ਦਾ ਵਫ਼ਦ ਬਰੰਗ ਮੁੜ ਗਿਆ। 

ਇਹ ਵਿਚਾਰਨਯੋਗ ਪਹਿਲੂ ਵੀ ਹੈ ਕਿ ਪਿਛਲੇ 6-7 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਦੇ ਮਸਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ? ਇਹ ਵਿਚਾਰ ਇਕ ਮੋਬਾਈਲ ਫੋਨ ਵਾਰਤਾ ਦੁਆਰਾ ਸਪੋਕਸਮੈਨ ਨਾਲ ਜਰਮਨੀ ਤੋਂ ਗੱਲਬਾਤ ਕਰਦਿਆ ਪੰਜਾਬ ਦੇ ਉੱਘੇ ਐਨ.ਆਰ.ਆਈ. ਜਗਜੀਤ ਸਿੰਘ ਜਰਮਨੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੇ ਸਿੱਖਾਂ 'ਤੇ ਹੋਈਆਂ ਵਧੀਕੀਆਂ ਦਾ ਸੰਤਾਪ ਜੇਲ ਵਿਚ ਬੈਠ ਕੇ ਅਪਣੇ ਹੱਡੀਂ ਹੰਡਾਇਆ ਹੈ ਅਤੇ 1984 ਹੋਏ ਵਿਚ ਸਿੱਖ

ਕਤਲੇਆਮ ਵਿਰੁਧ ਰੋਸ ਪ੍ਰਗਟ ਕਰਦਿਆਂ ਅਪਣੀ ਫਾਂਸੀ ਦੇ ਕੇਸ ਦੀ ਅਦਾਲਤੀ ਚਾਰਾਜੋਈ ਕਰਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਅਦਾਲਤ ਵਲੋਂ 2007 ਵਿੱਚ ਉਸ ਨੂੰ ਸੁਣਾਈ ਫਾਂਸੀ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਤਤਕਾਲੀ ਸ਼੍ਰੋਮਣੀ ਕਮੇਟੀ ਵਲੋਂ ਫਾਂਸੀ ਵਿਰੁਧ ਤਤਕਾਲੀ ਰਾਸ਼ਟਰਪਤੀ ਨੂੰ ਇਕ ਅਪੀਲ ਕਰ ਦਿਤੀ ਜਿਸ ਦਾ ਸਾਢੇ 6 ਸਾਲ ਬੀਤਣ ਉਪ੍ਰੰਤ ਵੀ ਕੋਈ ਨਿਪਟਾਰਾ ਨਹੀਂ ਹੋ ਸਕਿਆ।