ਅਫ਼ਗ਼ਾਨਿਸਤਾਨ 'ਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿਤੀ ਸਹਾਇਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਮਲੇ ਦੌਰਾਨ ਅਵਤਾਰ ਸਿੰਘ ਖ਼ਾਲਸਾ ਸਮੇਤ ਕਈ ਸਿੱਖ ਮਾਰੇ ਗਏ ਸਨ ਅਤੇ ਕੁੱਝ ਜ਼ਖ਼ਮੀ ਹੋ ਗਏ ਸਨ।

Shiromani Committee financial support to the families of Sikhs killed during an attack in Afghanistan

ਅੰਮ੍ਰਿਤਸਰ : ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਜਾ ਰਹੇ ਸਿੱਖਾਂ ਦੇ ਕਾਫ਼ਲੇ 'ਤੇ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿਤੀ ਗਈ। ਦਸਣਯੋਗ ਹੈ ਕਿ ਇਸ ਹਮਲੇ ਦੌਰਾਨ ਸਿੱਖ ਆਗੂ ਸ. ਅਵਤਾਰ ਸਿੰਘ ਖ਼ਾਲਸਾ ਸਮੇਤ ਕਈ ਸਿੱਖ ਮਾਰੇ ਗਏ ਸਨ ਅਤੇ ਕੁੱਝ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਹਾਇਤਾ ਕਰਨ ਦਾ ਐਲਾਨ ਕੀਤਾ ਸੀ।

ਇਸ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਸ. ਸੁਰਜੀਤ ਸਿੰਘ ਭਿੱਟੇਟਡ ਅਤੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਸਬੰਧਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿਤੇ। ਇਸ ਮੌਕੇ ਅਫ਼ਗਾਨੀ ਸਿੱਖਾਂ ਦੇ ਆਗੂ ਸ. ਹੀਰਾ ਸਿੰਘ ਨੇ ਭਾਈ ਲੌਂਗੋਵਾਲ ਦਾ ਧਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਔਖੀ ਘੜੀ 'ਚ ਅਫ਼ਗ਼ਾਨਿਸਤਾਨ ਦੇ ਸਿੱਖਾਂ ਦੀ ਬਾਂਹ ਫੜੀ ਹੈ। ਉਨ੍ਹਾਂ ਦੁੱਖ ਨਾਲ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਨਾਸਾਜ਼ ਹਾਲਾਤ ਕਰ ਕੇ ਬਹੁਤ ਸਾਰੇ ਸਿੱਖ ਅੱਜ ਉਥੋਂ ਹਿਜ਼ਰਤ ਕਰ ਚੁਕੇ ਹਨ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਸਿਆ ਕਿ ਅਫ਼ਗਾਨਿਸਤਾਨ ਅੰਦਰ ਅੱਜ ਸਿੱਖਾਂ ਦੀ ਗਿਣਤੀ ਨਾ-ਮਾਤਰ ਹੀ ਰਹਿ ਗਈ ਹੈ, ਜਿਸ ਲਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਭਾਈ ਲੌਂਗੋਵਾਲ ਵਲੋਂ ਐਲਾਨੀ ਗਈ ਇਕ-ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ 14 ਮ੍ਰਿਤਕਾਂ ਦੇ ਪਰਵਾਰਾਂ ਨੂੰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਵੀ 50-50 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਵਾਨ ਕੀਤੀ ਗਈ ਹੈ, ਜੋ ਜਲਦ ਹੀ ਸਬੰਧਤਾਂ ਨੂੰ ਦੇ ਦਿਤੀ ਜਾਵੇਗੀ।