ਹਿੰਮਤ ਸਿੰਘ ਦੀ ਆਰਥਕ ਕਮਜ਼ੋਰੀ ਦਾ ਬਾਦਲ ਨੇ ਲਿਆ ਫ਼ਾਇਦਾ : ਦੁਪਾਲਪੁਰ
ਪ੍ਰਵਾਸੀ ਭਾਰਤੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ..............
ਕੋਟਕਪੂਰਾ : ਪ੍ਰਵਾਸੀ ਭਾਰਤੀ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਗਿਆਨੀ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਵੱਲੋਂ ਚਾੜ੍ਹੇ ਜਾਣ ਵਾਲੇ ਚੰਨ ਸਬੰਧੀ ਕੁਝ ਅਮਰੀਕਨ ਸਿੱਖ ਆਗੂਆਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਬਾਦਲ ਗਰਦੀ ਦਾ ਸ਼ਿਕਾਰ ਹੋ ਕੇ ਅਚਾਨਕ ਬੇਰੁਜਗਾਰ ਬਣੇ ਅਕਾਲ ਤਖਤ ਦੇ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਆਪਣੀ ਪਤਨੀ ਦੇ ਇਲਾਜ ਵਾਸਤੇ ਮਾਇਕ ਮਦਦ ਦੀ ਮੰਗ ਕੀਤੀ ਸੀ। ਰੋਜ਼ਾਨਾ ਸਪੋਕਸਮੈਨ ਨੂੰ ਭੇਜੇ ਬਿਆਨ 'ਚ ਭਾਈ ਦੁਪਾਲਪੁਰ ਨੇ ਵਿਸਥਾਰ ਸਹਿਤ ਮਾਮਲਾ ਸਪੱਸ਼ਟ ਕਰਦਿਆਂ ਦੱਸਿਆ
ਕਿ ਅਸਲ ਵਿੱਚ ਜਦੋਂ ਭਾਈ ਹਿੰਮਤ ਸਿੰਘ ਦੇ ਵੱਡੇ ਭਰਾ ਗਿਆਨੀ ਗੁਰਮੁਖ ਸਿੰਘ ਬਤੌਰ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਜ਼ਮੀਰ ਦੀ ਆਵਾਜ ਸੁਣਦਿਆਂ ਸੌਦਾ ਸਾਧ ਦੇ ਮਾਫੀਨਾਮਾ ਕਾਂਡ ਬਾਰੇ ਅੰਦਰਲਾ ਸੱਚ ਸਾਰੇ ਸਿੱਖ ਜਗਤ ਮੂਹਰੇ ਰੱਖ ਦਿੱਤਾ ਸੀ ਤਾਂ ਉਨ੍ਹਾਂ ਤੋਂ ਜਥੇਦਾਰੀ ਖੋਹਣ ਤੋਂ ਬਾਅਦ ਉਨਾ ਦੇ ਛੋਟੇ ਭਰਾ ਹਿੰਮਤ ਸਿੰਘ ਉੱਤੇ ਵੀ ਬਾਦਲੀ ਗਾਜ਼ ਡਿਗ ਪਈ ਸੀ। ਬਾਦਲੀ ਧੌਂਸ ਤੋਂ ਦੁਖੀ ਹੋ ਕੇ ਉਨਾ ਅਕਾਲ ਤਖਤ ਦੇ ਗ੍ਰੰਥੀ ਵਾਲੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਹੀ ਉਹ ਮੇਰੇ ਸੰਪਰਕ 'ਚ ਆ ਗਏ ਸਨ।
ਅਖਬਾਰਾਂ 'ਚ ਛਪਦੀਆਂ ਮੇਰੀਆਂ ਲਿਖਤਾਂ ਤੋਂ ਉਨਾ ਮੇਰਾ ਫੋਨ ਨੰਬਰ ਲੈ ਕੇ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੀਆਂ ਅਜੌਕੀਆਂ 'ਭੇਤ ਵਾਲੀਆਂ' ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸ੍ਰ ਦੁਪਾਲਪੁਰ ਨੂੰ ਹਿੰਮਤ ਸਿੰਘ ਨੇ ਖੁਦ ਦਸਿਆ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਮੂਹਰੇ ਪੇਸ਼ ਹੋ ਕੇ ਬਰਗਾੜੀ ਕਾਂਡ ਬਾਰੇ ਬਹੁਤ ਸਾਰਾ ਸੱਚ ਦੱਸਣਾ ਚਾਹੁੰਦਾ ਹੈ। ਆਪਣੇ ਛੋਟੇ-ਛੋਟੇ ਬੱਚਿਆਂ ਦਾ ਜ਼ਿਕਰ ਕਰਦਿਆਂ ਹਿੰਮਤ ਸਿੰਘ ਨੇ ਦੱਸਿਆ ਕਿ ਉਸ ਨੇ ਧਾਰਮਿਕ ਵਸਤਾਂ ਦੀ ਛੋਟੀ ਜਿਹੀ ਦੁਕਾਨ ਪਾ ਲਈ ਹੈ, ਫਿਰ ਕੁਝ ਦਿਨਾ ਬਾਅਦ ਹਿੰਮਤ ਸਿੰਘ ਨੇ ਕੁਝ ਬਾਦਲ ਦਲ ਦੇ ਆਗੂਆਂ ਦਾ ਨਾਂਅ ਲੈਂਦਿਆਂ ਦੱਸਿਆ
ਕਿ ਉਹ ਮੇਰੇ ਉੱਪਰ ਦਬਾਅ ਪਾ ਰਹੇ ਹਨ ਕਿ ਮੈਂ ਰਣਜੀਤ ਸਿੰਘ ਕਮਿਸ਼ਨ ਨੂੰ ਨਾ ਮਿਲਾਂ, ਉਸ ਨੇ ਡਰਦਿਆਂ ਇਹ ਵੀ ਕਹਿ ਦਿੱਤਾ ਕਿ ਇਸ ਤੋਂ ਬਾਅਦ ਮੇਰੇ ਨਾਲ ਰਾਤ 10 ਵਜੇ ਤੋਂ ਬਾਅਦ ਸਿਰਫ ਵਟਸਅਪ ਕਾਲ ਰਾਂਹੀ ਗੱਲ ਕੀਤੀ ਜਾਵੇ, ਕਿਉਂਕਿ ਉਸ ਦੇ ਫੋਨ ਰਿਕਾਡ ਹੋ ਰਹੇ ਹਨ। ਹਰ ਤੀਜੇ-ਚੌਥੇ ਦਿਨ ਸ਼੍ਰੋਮਣੀ ਕਮੇਟੀ 'ਚ ਹੋ ਰਹੀਆਂ ਬਾਦਲੀ ਧਾਂਦਲੀਆਂ ਵਟਸਅਪ ਰਾਂਹੀ ਭੇਜਦਿਆਂ ਇਕ ਦਿਨ ਉਸ ਨੇ ਬਾਦਲ ਦਲ ਦੇ ਕੁਝ ਧਕੜ ਆਗੂਆਂ ਤੋਂ ਡਰਦਿਆਂ ਰੂਪੋਸ਼ ਹੋਣ ਬਾਰੇ ਦੱਸਿਆ।
ਹਿੰਮਤ ਸਿੰਘ ਨੇ ਖੁਦ ਮੰਨਿਆ ਕਿ ਉਸ ਨੇ ਇਕ ਸੱਜਣ ਰਾਂਹੀ ਕਾਂਗਰਸੀ ਆਗੂ ਰੰਧਾਵਾ ਸਾਹਿਬ ਨਾਲ ਸੰਪਰਕ ਬਣਾ ਲਿਆ ਹੈ। ਸ਼੍ਰੀ ਗੁਰੂ ਗ੍ਰੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਅਤੇ ਰੋਸ ਵਜੋਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਬਾਦਲ ਹਕੂਮਤ ਵੱਲੋਂ ਗੋਲੀਆਂ ਚਲਾਉਣ ਤੋਂ ਬੇਹੱਦ ਦੁਖੀ ਹੋ ਕੇ ਰੋਹ ਨਾਲ ਦੱਸਦਿਆਂ ਹਿੰਮਤ ਸਿੰਘ ਨੇ ਦਾਅਵਾ ਕੀਤਾ ਕਿ ਉਹ ਗੁਰੂ ਦਾ ਨਿਮਾਣਾ ਸਿੱਖ ਹੋਣ ਸਦਕਾ ਕਮਿਸ਼ਨ ਮੂਹਰੇ ਜ਼ਰੂਰ ਪੇਸ਼ ਹੋ ਕੇ ਸੱਚਾਈ ਦੱਸੇਗਾ।