ਜਸਟਿਸ ਰਣਜੀਤ ਸਿੰਘ ਵਲੋਂ ਬਿਆਨਾਂ ਤੋਂ ਮੁੱਕਰਨ ਵਾਲੇ ਹਿੰਮਤ ਸਿੰਘ ਦੀ ਸਚਾਈ ਬੇਪਰਦ
ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਹਿੰਮਤ ਸਿੰਘ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਹਿੰਮਤ ਸਿੰਘ ਨੂੰ ਉਨ੍ਹਾਂ ...
ਚੰਡੀਗੜ੍ਹ : ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਹਿੰਮਤ ਸਿੰਘ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਹਿੰਮਤ ਸਿੰਘ ਨੂੰ ਉਨ੍ਹਾਂ ਨੇ ਨਹੀਂ ਬੁਲਾਇਆ ਸੀ ਬਲਕਿ ਉਹ ਖ਼ੁਦ ਅਪਣੀ ਇੱਛਾ ਨਾਲ ਉਨ੍ਹਾਂ ਦੇ ਕੋਲ ਆਇਆ ਸੀ। ਉਨ੍ਹਾਂ ਇਹ ਹਿੰੰਮਤ ਸਿੰਘ ਵਲੋਂ ਲਗਾਏ ਗਏ ਦੋਸ਼ਾਂ 'ਤੇ ਇਹ ਪ੍ਰਤੀਕਿਰਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਕਮਿਸ਼ਨ ਦੇ ਦਫ਼ਤਰ ਵਿਚ ਪੰਜਾਬ ਸਰਕਾਰ ਨੂੰ ਲਿਖੇ ਗਏ ਛੇ ਪੇਜਾਂ ਦੇ ਪੱਤਰ ਸਮੇਤ ਉਨ੍ਹਾਂ ਨੂੰ ਮਿਲੇ ਸਨ।
ਉਨ੍ਹਾਂ ਨੇ ਖ਼ੁਦ ਉਨ੍ਹਾਂ ਨੂੰ ਅਪਣੇ ਹਲਫ਼ਨਾਮੇ ਦੇ ਰੂਪ ਵਿਚ ਇਹ ਸਭ ਸਵੀਕਾਰ ਕਰਨ ਲਈ ਕਿਹਾ ਸੀ ਅਤੇ ਮੈਂ ਇਸ ਨੂੰ ਰਿਪੋਰਟ ਵਿਚ ਜੋੜ ਦਿਤਾ। ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੱਤਰ ਵਿਚ ਦਸਿਆ ਗਿਆ ਹੈ ਕਿ ਚੰਡੀਗੜ੍ਹ ਵਿਚ ਬਾਦਲ ਦੀ ਰਿਹਾਇਸ਼ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਵੇਂ ਬੁਲਾਇਆ ਗਿਆ ਸੀ ਅਤੇ ਮੁਆਫ਼ੀ ਮੰਗਣ ਲਈ ਮਜ਼ਬੂਰ ਕੀਤਾ ਗਿਆ ਸੀ। ਉਸ ਨੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਦੇ ਨਾਰਕੋ ਟੈਸਟ ਦੀ ਵੀ ਮੰਗ ਕੀਤੀ ਸੀ।
ਦਸ ਦਈਏ ਕਿ ਹੁਣ ਇਸ ਜਾਂਚ ਰਿਪੋਰਟ ਦੀ ਅਹਿਮ ਗਵਾਹ ਹਿੰਮਤ ਸਿੰਘ ਅਪਣੇ ਬਿਆਨਾਂ ਤੋਂ ਪਾਸ ਵੱਟ ਰਿਹਾ ਹੈ। ਹਿੰਮਤ ਸਿੰਘ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਅਤੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦੋਸ਼ ਲਗਾਏ ਕਿ ਉਨ੍ਹਾਂ ਇਹ ਆਖਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ (ਹਿੰਮਤ ਸਿੰਘ) ਦੇ ਭਰਾ ਗਿਆਨੀ ਗੁਰਮੁਖ ਸਿੰਘ (ਤਤਕਾਲੀ ਜਥੇਦਾਰ ਤਖ਼ਤ ਦਮਦਮਾ ਸਾਹਿਬ) ਅਤੇ ਹੋਰ ਜਥੇਦਾਰਾਂ 'ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਦਬਾਅ ਪਾਇਆ ਸੀ, ਨੇ ਜਬਰੀ ਉਸ ਤੋਂ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਵਾਏ। ਹਿੰਮਤ ਸਿੰਘ ਦਾ ਇਹ ਬਿਆਨ ਆਉਣ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਿੰਮਤ ਸਿੰੰਘ ਦੇ ਭਰਾ ਗਿਆਨੀ ਗੁਰਮੁਖ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ 'ਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਭੂਮਿਕਾ ਦੇ ਦੋਸ਼ ਲਾਏ ਜਾਣ ਮਗਰੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਾਲ ਅਪਰੈਲ ਵਿਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਜੀਂਦ ਦੇ ਗੁਰਦੁਆਰੇ ਵਿਚ ਤਬਦੀਲ ਕਰ ਦਿਤਾ ਸੀ। ਹੁਣ 3 ਅਗੱਸਤ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ। ਹਿੰਮਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਮੰਤਰੀ ਰੰਧਾਵਾ ਤੋਂ ਖ਼ਤਰਾ ਹੈ, ਜਿਸ ਕਰਕੇ ਉਹ ਲੁਕਿਆ ਹੋਇਆ ਹੈ। ਉਸ ਨੇ ਦੋਸ਼ ਲਗਾਏ ਹਨ ਕਿ ਉਸ ਨੂੰ ਬਿਆਨ ਪੜ੍ਹਨ ਤਕ ਦੀ ਇਜਾਜ਼ਤ ਨਹੀਂ ਦਿਤੀ ਗਈ।
ਉਸ ਨੇ ਇਹ ਵੀ ਆਖਿਆ ਕਿ ਬਿਆਨ ਅੰਗਰੇਜ਼ੀ ਅਤੇ ਪੰਜਾਬੀ ਵਿਚ ਸਨ, ਅੰਗਰੇਜ਼ੀ ਮੈਂ ਪੜ੍ਹ ਨਹੀਂ ਸਕਦਾ ਜਦਕਿ ਪੰਜਾਬੀ ਵਾਲਾ ਬਿਆਨ ਮੈਨੂੰ ਦਿਖਾਇਆ ਹੀ ਨਹੀਂ ਗਿਆ। ਹਿੰਮਤ ਸਿੰਘ ਨੇ ਕਿਹਾ ਕਿ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਉਹ ਸਤੰਬਰ 2015 ਵਿਚ ਬਾਦਲਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਤਲਬ ਕੀਤੇ ਗਏ ਸਿੰਘ ਸਾਹਿਬਾਨ ਨਾਲ ਮੌਜੂਦ ਸੀ। ਉਧਰ ਜਸਟਿਸ ਰਣਜੀਤ ਸਿੰਘ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਿੰਮਤ ਸਿੰਘ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦਸਿਆ ਹੈ। ਦੇਖਣਾ ਹੋਵੇਗਾ ਕਿ ਇਹ ਹੁਣ ਇਹ ਮਾਮਲਾ ਕਿਸ ਕਵਰਟ ਰੰਗ ਬਦਲਦਾ ਹੈ?