ਗਵਾਹ ਨੰਬਰ 245 ਅਪਣੇ ਪਹਿਲੇ ਬਿਆਨਾਂ ਤੋਂ ਮੁਕਰਿਆ
ਬਰਗਾੜੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਪਹਿਲਾਂ ਧੜੱਲੇ ਨਾਲ ਗਵਾਹੀ ਦੇਣ ਵਾਲੇ ਗਵਾਹ ਨੰਬਰ 245 ਨੇ ਹੁਣ ਅਪਣੀ ਗਵਾਹੀ...........
ਤਰਨਤਾਰਨ : ਬਰਗਾੜੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਪਹਿਲਾਂ ਧੜੱਲੇ ਨਾਲ ਗਵਾਹੀ ਦੇਣ ਵਾਲੇ ਗਵਾਹ ਨੰਬਰ 245 ਨੇ ਹੁਣ ਅਪਣੀ ਗਵਾਹੀ ਤੋਂ ਮੁਕਰਦਿਆਂ ਕਿਹਾ ਹੈ ਕਿ ਉਸ ਉਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਬਾਅ ਬਣਾਇਆ ਸੀ ਜਿਸ ਦੇ ਚਲਦਿਆਂ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋਇਆ ਸੀ। ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਵਾਹ ਨੰਬਰ 245 ਹਿੰਮਤ ਸਿੰਘ ਨੇ ਕਿਹਾ ਕਿ ਮੰਤਰੀ ਦੇ ਇਕ ਖ਼ਾਸ ਵਿਅਕਤੀ ਨੇ ਉਸ ਨੂੰ ਚੰਡੀਗੜ੍ਹ ਬੁਲਾਇਆ ਸੀ
ਜਿਥੇ ਮੰਤਰੀ ਦੇ ਦੋ ਕਰਿੰਦੇ ਉਸ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਦਫ਼ਤਰ ਲੈ ਕੇ ਗਏ। ਇਥੇ ਹੀ ਉਸ ਨੂੰ ਪਹਿਲਾਂ ਤੋਂ ਤਿਆਰ ਦਸਤਾਵੇਜਾਂ ਉਤੇ ਦਸਤਖ਼ਤ ਕਰਨ ਲਈ ਕਿਹਾ ਗਿਆ। ਹਿੰਮਤ ਸਿੰਘ ਨੇ ਕਿਹਾ ਕਿ ਉਸ ਨੇ ਉਨ੍ਹਾਂ ਦਸਤਾਵੇਜ਼ ਤੇ ਦਸਤਖ਼ਤ ਕਰ ਦਿਤੇ। ਗਵਾਹ ਨੰਬਰ 245 ਹਿੰਮਤ ਸਿੰਘ ਨੇ ਕਿਹਾ ਕਿ ਇਹ ਦਸਤਾਵੇਜ਼ ਅੰਗਰੇਜ਼ੀ ਵਿਚ ਸਨ ਅਤੇ ਉਸ ਨੂੰ ਅੰਗਰੇਜ਼ੀ ਨਹੀਂ ਆਉਦੀ। ਅਪਣੇ ਮੁਕਰਨ ਦੀ ਕਹਾਣੀ ਨੂੰ ਪੰਥਕ ਰੰਗਤ ਦੇਣ ਲਈ ਗਵਾਹ ਨੰਬਰ 245 ਹਿੰਮਤ ਸਿੰਘ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਫ਼ਾਈਲ ਲੈਣ ਤੋਂ ਬਾਅਦ ਮੈਨੂੰ ਅਪਣੇ ਕਮਰੇ ਵਿਚ ਬੁਲਾ ਲਿਆ
ਜਿਥੇ ਮੈਂ ਕਿਹਾ ਸੀ ਕਿ ਜਾਂਚ ਇਕੱਲੀ ਬਰਗਾੜੀ ਕਾਂਡ ਦੀ ਨਹੀਂ ਕਰਨੀ ਚਾਹੀਦੀ ਬਲਕਿ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਫ਼ੌਜੀ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2500 ਸਰੂਪਾਂ ਦੀ ਹੋਈ ਬੇਅਦਬੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਗਵਾਹ ਨੰਬਰ 245 ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਨੂੰ ਇਹ ਵੀ ਕਹੇ ਜਾਣ ਦਾ ਦਾਅਵਾ ਕੀਤਾ ਕਿ ਜਾਂਚ ਦਾ ਘੇਰਾ ਇਕੱਲਾ ਬਹਿਬਲ ਕਲਾਂ ਤਕ ਨਾ ਰੱਖ ਕੇ ਕਾਂਗਰਸ ਦੇ ਰਾਜ ਵਿਚ ਹੋਏ 36 ਹਜ਼ਾਰ ਸ਼ਹੀਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਹਿੰਮਤ ਸਿੰਘ ਨੇ ਦਾਅਵਾ ਕੀਤਾ ਕਿ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਹ ਫ਼ਿਕਰ ਨਾ ਕਰੇ, ਮੰਤਰੀ ਰੰਧਾਵਾ ਨਾਲ ਉਸ ਦੀ ਗੱਲ ਹੋ ਚੁੱਕੀ ਹੈ
ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਸ ਦਾ ਰਿਸ਼ਤੇਦਾਰ ਹੈ। ਕਮਿਸ਼ਨ ਕੋਲ ਬਿਆਨ ਦੇਣ ਤੋਂ ਬਾਅਦ ਮੁਕਰ ਗਏ ਗਵਾਹ ਨੰਬਰ 245 ਹਿੰਮਤ ਸਿੰਘ ਨੇ ਕਿਹਾ ਕਿ ਜੂਨ 2018 ਵਿਚ ਪੰਥਕ ਆਗੂ ਭਾਈ ਮੌਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਲੈ ਗਏ ਜਿਥੇ ਉਸ ਉਤੇ ਦਬਾਅ ਪਾਉਦੇ ਰਹੇ ਕਿ ਉਹ ਕਮਿਸ਼ਨ ਅੱਗੇ ਦਿਤੇ ਬਿਆਨਾਂ ਤੇ ਕਾਇਮ ਰਹੇ। ਹਿੰਮਤ ਸਿੰਘ ਅਨੁਸਾਰ ਇਨ੍ਹਾਂ ਆਗੂਆਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਆਉਣ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਖ਼ਤਮ ਹੋ ਜਾਣਾ ਹੈ
ਅਤੇ ਅਸੀ ਸ਼੍ਰੋਮਣੀ ਕਮੇਟੀ ਤੇ ਵੀ ਕਬਜ਼ਾ ਕਰ ਲੈਣਾ ਹੈ ਜਿਸ ਨਾਲ ਉਸ ਦੇ ਦਿਲ ਨੂੰ ਠੇਸ ਲਗੀ। ਹਿੰਮਤ ਸਿੰਘ ਨੇ ਕਿਹਾ ਕਿ ਉਸ ਨੇ ਅਪਣੇ ਜ਼ਮੀਰ ਦੀ ਆਵਾਜ਼ ਸੁਣੀ ਅਤੇ ਬਿਆਨ ਕੀਤੀ ਹੈ। ਜਦਕਿ ਇਸੇ ਹਿੰਮਤ ਸਿੰਘ ਨੇ 12 ਦਸੰਬਰ 2017 ਨੂੰ ਇਸ ਪੱਤਰਕਾਰ ਨੂੰ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਸੀ ਉਸ ਨੇ ਜ਼ਮੀਰ ਦੀ ਅਵਾਜ਼ ਸੁਣੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਸਾਰਾ ਸੱਚ ਲਿਖਤੀ ਤੌਰ ਤੇ ਕਮਿਸ਼ਨ ਨੂੰ ਦੱਸ ਦਿਤਾ ਹੈ।
ਅਪਣੇ ਉਸ ਬਿਆਨ ਵਿਚ ਹਿੰਮਤ ਸਿੰਘ ਨੇ ਜਥੇਦਾਰਾਂ ਦੀ ਕਾਰਜ ਪ੍ਰਣਾਲੀ ਉਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਕਿਹਾ ਸੀ ਕਿ ਜਥੇਦਾਰਾਂ ਦੀ ਆਮਦਨ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ। ਕਮਿਸ਼ ਕੋਲ ਪੇਸ਼ ਹੋ ਕੇ ਆਏ ਹਿੰਮਤ ਸਿੰਘ ਨੇ ਕਿਹਾ ਸੀ ਕਿ ਗੁਰਦਵਾਰਾ ਐਕਟ ਅਨੁਸਾਰ ਤਾਂ ਜਥੇਦਾਰ ਦੀ ਪੋਸਟ ਹੀ ਨਹੀਂ ਹੈ।