ਕਮਲਨਾਥ ਵਲੋਂ ਭੱਦੀ ਟਿਪਣੀ ਵਿਰੁਧ ਕਾਨੂੰਨੀ ਕਾਰਵਾਈ ਹੋਵੇ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਮਲਨਾਥ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਅਤੇ ਬੋਲਿਆਂ ਦੀਆਂ ਪੰਕਤੀਆਂ ਨੂੰ ਤੋੜ-ਮਰੋੜ ਕੇ ਫ਼ੇਸਬੁੱਕ 'ਤੇ ਇਕ ਪੋਸਟ ਪਾਈ ਸੀ।

Baba Balbir Singh

ਅੰਮ੍ਰਿਤਸਰ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਅਤੇ ਬੋਲਿਆਂ ਦੀਆਂ ਪੰਕਤੀਆਂ ਨੂੰ ਤੋੜ-ਮਰੋੜ ਕੇ ਫ਼ੇਸਬੁੱਕ 'ਤੇ ਇਕ ਪੋਸਟ ਪਾਈ ਹੈ ਜਿਸ ਵਿਚ ਉਸ ਨੇ ਅਪਣੀ ਫ਼ੋਟੋ ਲਾ ਕੇ 'ਸਵਾ ਲਾਖ ਸੇ ਇਕ ਲੜਾਊ ਚਿੜੀਉਂ ਸੇ ਮੈਂ ਬਾਜ਼ ਤੜਾਊਂ ਤਬੈਂ ਕਮਲਨਾਥ ਨਾਮ ਕਹਾਊਂ' ਲਿਖ ਕੇ ਗ੍ਰਾਫ਼ਿਕ ਬਣਾਇਆ ਹੈ, ਦੀ ਫ਼ੇਸਬੁੱਕ ਪੋਸਟ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਪੰਥ ਰਤਨ, ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਇਸ ਕੋਝੀ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਬੁੱਢਾ ਦਲ ਦੀ ਨਿਹੰਗ ਸਿੰਘ ਛਾਉਣੀ ਗੁਰਦਵਾਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਜਾਰੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਕੇ ਸਿੱਖਾਂ ਨੂੰ ਭੜਕਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਕਮਲਨਾਥ ਨੂੰ ਮੁੱਖ ਮੰਤਰੀ ਬਣਾ ਦਿਤਾ। ਅਜਿਹੀ ਕਾਰਵਾਈ ਕਰ ਕੇ ਉਸ ਨੇ ਸਿੱਖ ਵਿਰੋਧੀ ਹੋਣ ਦਾ ਸਬੂਤ ਹੀ ਨਹੀਂ ਦਿਤਾ ਸਗੋਂ ਸਿੱਖਾਂ ਨੂੰ ਉਕਸਾਉਣ ਦੀ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਵਿਅਕਤੀ ਵਿਰੁਧ ਸਿੱਖ ਭਾਵਨਾਵਾਂ ਨੂੰ ਠੇਸ ਪਹਚਾਉਣ ਤੇ ਧਾਰਾ 195 ਏ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। 

ਬਾਬਾ ਬਲਬੀਰ ਸਿੰਘ ਨੇ ਕੈਲੀਫ਼ੋਰਨੀਆ ਦੇ ਇਕ ਗੁਰਦਵਾਰੇ ਵਿਚ ਗ੍ਰੰਥੀ ਦੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਕੀਤੀ ਕੁੱਟ-ਮਾਰ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਨਫ਼ਰਤ ਤੇ ਅਪਰਾਧ ਵਾਲੀ ਦਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਸ਼ਾਂਤੀ ਕਾਇਮ ਰਹਿ ਸਕੇ।