ਸਿੱਖਾਂ ਨੇ ਅਕਾਲ ਤਖ਼ਤ 'ਤੇ ਲੰਗਾਹ ਵਿਰੁਧ ਦਿਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਲਸੇ ਕਰ ਕੇ ਅਕਾਲੀ ਦਲ ਬਾਦਲ ਲਈ ਮੰਗ ਰਿਹੈ ਵੋਟਾਂ

Sucha Singh langah

ਅੰਮ੍ਰਿਤਸਰ : ਔਰਤ ਨਾਲ ਸਰੀਰਕ ਸਬੰਧ ਬਣਾਉਣ ਕਾਰਨ ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਦੀਆਂ ਮੁਸ਼ਕਲਾਂ ਵਿਚ ਉਸ ਵੇਲੇ ਵਾਧਾ ਹੋਇਆ ਜਦ ਗੁਰਦਾਸਪੁਰ ਤੋਂ ਵੱਡੀ ਗਿਣਤੀ ਵਿਚ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਲੰਗਾਹ ਵਿਰੁਧ ਸ਼ਿਕਾਇਤ ਦਿਤੀ। 'ਜਥੇਦਾਰ' ਦੀ ਗ਼ੈਰ ਹਾਜ਼ਰੀ ਵਿਚ ਇਹ ਸ਼ਿਕਾਇਤ ਨਿਜੀ ਸਹਾਇਕ ਜਸਪਾਲ ਸਿੰਘ ਨੇ ਹਾਸਲ ਕੀਤੀ। 

ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਵਲੋਂ ਪੰਥ ਵਿਚੋਂ ਛੇਕਿਆ ਹੋਇਆ ਹੈ। ਲੰਗਾਹ ਕਿਸੇ ਵੀ ਰਾਜਨੀਤਕ, ਧਾਰਮਕ ਸਮਾਗਮਾਂ ਵਿਚ ਭਾਗ ਨਹੀਂ ਲੈ ਸਕਦਾ ਪਰ ਲੰਗਾਹ ਵੱਖ ਵੱਖ ਗੁਰਦਵਾਰਾ ਸਾਹਿਬ ਵਿਚ ਹੁੰਦੇ ਸਮਾਗਮਾਂ ਵਿਚ ਭਾਗ ਲੈ ਰਿਹਾ ਹੈ। ਜਨਤਕ ਤੌਰ 'ਤੇ ਜਲਸੇ ਕਰ ਕੇ ਅਕਾਲੀ ਦਲ ਬਾਦਲ ਲਈ ਵੋਟਾਂ ਮੰਗ ਰਿਹਾ ਹੈ। ਵਿਰੋਧ ਕਰਨ 'ਤੇ ਲੰਗਾਹ ਸਾਡੇ ਲਈ ਭੱਦੀ ਸ਼ਬਦਾਵਲੀ ਵਰਤਦਾ ਹੈ।

ਭਾਈ ਲਖਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅੱਖਾਂ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਪੰਥ ਵਿਚ ਸ਼ਾਮਲ ਹੋਣ ਦੇ ਲਾਇਕ ਹੀ ਨਹੀਂ ਹੈ। ਅਸੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨ ਵਾਲੇ ਗ਼ਲਤ ਹੋ ਗਏ ਤੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਣ  ਵਾਲਾ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਬਣ ਰਿਹਾ ਹੈ।