ਸਿੱਖਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁੱਟੇ ਜਾਣਾ ਅਪਣੀਂ ਅੱਖੀਂ ਤੱਕਿਆ : ਕਰਮ ਸਿੰਘ
ਭਾਵੇਂ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਵੀਡੀਉ ਸੋਸ਼ਲ ਮੀਡੀਏ ਰਾਹੀਂ ਫੈਲੀ ਹੋਈ...............
ਕੋਟਕਪੂਰਾ : ਭਾਵੇਂ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਵੀਡੀਉ ਸੋਸ਼ਲ ਮੀਡੀਏ ਰਾਹੀਂ ਫੈਲੀ ਹੋਈ ਜਿਸ ਵਿਚ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਪੁਲਿਸ ਵਲੋਂ ਖ਼ੁਦ ਹੀ ਵਾਹਨਾਂ ਦੀ ਤੋੜ-ਫੋੜ ਕਰਦਿਆਂ ਕਈਆਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ ਪਰ ਹੁਣ 'ਰੋਜ਼ਾਨਾ ਸਪੋਕਸਮੈਨ' ਦੇ ਸਥਾਨਕ ਸਬ ਦਫ਼ਤਰ ਵਿਖੇ ਪੁੱਜੇ ਕਰਮ ਸਿੰਘ ਪੁੱਤਰ ਉਤਾਰ ਸਿੰਘ ਵਾਸੀ ਕੋਠੇ ਲਾਈਟਾਂ ਵਾਲੇ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਇਸ ਅਹਿਮ ਪੱਖ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ
ਕਿ ਪੁਲਿਸ ਵਲੋਂ ਵਾਹਨਾਂ ਦੀ ਭੰਨਤੋੜ ਕਰਨ ਜਾਂ ਅੱਗ ਲਾਉਣ ਵਾਲੀਆਂ ਘਟਨਾਵਾਂ ਦਾ ਉਹ ਖ਼ੁਦ ਮੌਕੇ ਦਾ ਗਵਾਹ ਹੈ। ਅਪਣੀ ਲੱਤ 'ਤੇ ਹੋਏ ਜ਼ਖ਼ਮ, ਐਕਸਰਿਆਂ ਦੀਆਂ ਕਾਪੀਆਂ, ਡਾਕਟਰਾਂ ਦੀਆਂ ਪਰਚੀਆਂ ਦਿਖਾ ਕੇ ਪੁਲਿਸੀਆ ਅਤਿਆਚਾਰ ਦੀ ਦਾਸਤਾਨ ਸੁਣਾਉਂਦਿਆਂ ਕਰਮ ਸਿੰਘ ਨੇ ਦਸਿਆ ਕਿ ਜਦੋਂ ਉਹ ਪੁਲਿਸ ਦੀਆਂ ਲਾਠੀਆਂ ਤੇ ਡਾਂਗਾਂ ਦੀ ਮਾਰ ਨਾਲ ਜ਼ਖ਼ਮੀ ਹੋ ਕੇ ਲਹੂ ਲੁਹਾਣ ਹੋ ਗਿਆ ਤੇ ਹਸਪਤਾਲ ਜਾਣਾ ਚਾਹਿਆ ਤਾਂ ਪੁਲਿਸ ਨੇ ਭਜਾ ਦਿਤਾ। ਪੁਲਿਸ ਕਰਮਚਾਰੀ ਖ਼ੁਦ ਵਾਹਨਾਂ ਦੀ ਭੰਨਤੋੜ ਕਰ ਕੇ ਅੱਗਾਂ ਲਾ ਰਹੇ ਸਨ ਤੇ ਉਲਟਾ ਪੁਲਿਸ ਦੀ ਮਾਰ ਨਾਲ ਨਿਢਾਲ ਹੋਏ ਸਿੰਘਾਂ ਨੂੰ ਡਰਾਵਾ ਦਿਤਾ ਜਾ ਰਿਹਾ ਸੀ
ਕਿ ਉਹ ਇਥੋਂ ਭੱਜ ਜਾਣ ਨਹੀਂ ਤਾਂ ਇਨ੍ਹਾਂ ਵਾਹਨਾ ਦੀ ਭੰਨਤੋੜ ਕਰਨ ਅਤੇ ਅੱਗਾਂ ਲਾਉਣ ਦੇ ਦੋਸ਼ ਹੇਠ ਉਨ੍ਹਾਂ ਵਿਰੁਧ ਹੀ ਪੁਲਿਸ ਮਾਮਲੇ ਦਰਜ ਕਰ ਦਿਤੇ ਜਾਣਗੇ। ਕਰਮ ਸਿੰਘ ਨੇ ਮੰਨਿਆ ਕਿ ਉਸ ਨੇ ਭੱਜੇ ਜਾਂਦੇ ਸਿੱਖ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਘੇਰ ਘੇਰ ਕੇ ਛੱਲੀਆਂ ਵਾਂਗ ਕੁੱਟਦਿਆਂ ਅਪਣੀਂ ਅੱਖੀਂ ਤੱਕਿਆ, ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਕਿਸੇ 'ਤੇ ਤਰਸ ਨਹੀਂ ਸੀ ਕਰ ਰਿਹਾ ਅਤੇ ਕੁੱਟਮਾਰ ਪਸ਼ੂਆਂ ਤੋਂ ਵੀ ਭੈੜੀ ਕੀਤੀ ਜਾ ਰਹੀ ਸੀ।
ਲਹੂ ਲੁਹਾਣ ਕਰਮ ਸਿੰਘ ਦੀ ਲੱਤ 'ਤੇ ਹੋਏ ਜ਼ਖ਼ਮਾਂ ਦਾ ਇਲਾਜ ਤਾਂ ਪ੍ਰਾਈਵੇਟ ਹਸਪਤਾਲਾਂ 'ਚੋਂ ਕਰਵਾ ਲਿਆ ਗਿਆ ਪਰ ਰੀੜ ਦੀ ਹੱਡੀ ਦੇ ਮਣਕੇ 'ਚ ਪਏ ਨੁਕਸ ਲਈ ਉਸ ਨੂੰ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਕਰਾਉਣਾ ਪੈ ਰਿਹਾ ਹੈ। ਕਰਮ ਸਿੰਘ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਲਾਗੂ ਹੋਣ ਨਾਲ ਇਨਸਾਫ਼ ਜ਼ਰੂਰ ਮਿਲੇਗਾ।