ਸਿੱਖ ਅਟਾਰਨੀ 'ਤੇ ਨਸਲੀ ਟਿਪਣੀ ਕਰਨ ਵਾਲੇ ਪੰਜ ਪੁਲਿਸ ਕਰਮਚਾਰੀਆਂ ਨੇ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੂਬੇ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ 'ਤੇ ਨਸਲੀ ਟਿਪਣੀ ਕਰਨ ਦੇ ਦੋਸ਼ 'ਚ ਨਿਊਜਰਸੀ ਦੇ ਪੰਜ ਪੁਲਿਸ ਕਰਮਚਾਰੀਆਂ ਨੂੰ ਅਸਤੀਫ਼ਾ ਦੇਣਾ ਪਿਆ..........

Attorney General Gurbir Grewal

ਨਿਊਜਰਸੀ : ਸੂਬੇ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ 'ਤੇ ਨਸਲੀ ਟਿਪਣੀ ਕਰਨ ਦੇ ਦੋਸ਼ 'ਚ ਨਿਊਜਰਸੀ ਦੇ ਪੰਜ ਪੁਲਿਸ ਕਰਮਚਾਰੀਆਂ ਨੂੰ ਅਸਤੀਫ਼ਾ ਦੇਣਾ ਪਿਆ। ਦਸਿਆ ਜਾ ਰਿਹਾ ਹੈ ਕਿ ਪੰਜਾਂ ਪੁਲਿਸ ਕਰਮੀਆਂ ਦੀ ਗੱਲਬਾਤ ਰੀਕਾਰਡ ਹੋ ਗਈ ਸੀ ਜਿਸ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਮਿਲੀ। ਸਥਾਨਕ ਮੀਡੀਆ ਮੁਤਾਬਕ ਬੀਤੇ ਦਿਨੀਂ ਆਡੀਉ ਰੀਕਾਰਡਿੰਗ ਬਾਰੇ ਜਾਣਕਾਰੀ ਦਿਤੀ ਗਈ ਸੀ ਜਿਸ 'ਚ ਨਿਊਜਰਸੀ ਦੇ ਪੁਲਿਸ ਕਰਮੀ ਮਾਈਕਲ ਸਾਊਦਿਨੋ ਅਪਣੇ ਅਧੀਨ ਕਰਮਚਾਰੀਆਂ ਨਾਲ ਗਵਰਨਰ ਫਿਲ ਮਰਫ਼ੀ ਦੇ ਭਾਸ਼ਨ 'ਤੇ ਚਰਚਾ ਕਰ ਰਹੇ ਸਨ।

ਸਾਊਦਿਨੋ ਨੇ ਕਿਹਾ ਕਿ ਮਰਫ਼ੀ ਨੇ ਅਪਣੇ ਭਾਸ਼ਣ 'ਚ ਹਰ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਲੇ ਲੋਕ ਇਥੇ ਆਉਂਦੇ ਰਹਿਣਗੇ ਤੇ ਅਪਣੇ ਮਨ ਮੁਤਾਬਕ ਕੰਮ ਕਰਦੇ ਰਹਿਣਗੇ। ਸਾਊਦਿਨੋ ਮੁਤਾਬਕ ਮਰਫ਼ੀ ਚਾਹੁੰਦੇ ਸਨ ਕਿ ਕਾਲੇ ਲੋਕ ਜੋ ਚਾਹੇ ਕਰਨ, ਚਰਸ ਪੀਣ ਪਰ ਕੋਈ ਇਸ ਬਾਰੇ ਚਿੰਤਾ ਨਾ ਕਰੇ। ਇਸ ਤੋਂ ਬਾਅਦ ਸਾਊਦਿਨੋ ਨੇ ਕਿਹਾ ਕਿ ਮਰਫ਼ੀ ਨੇ ਗੁਰਬੀਰ ਗਰੇਵਾਲ ਨੂੰ ਪਹਿਲਾ ਸਿੱਖ ਅਟਾਰਨੀ ਜਨਰਲ ਸਿਰਫ਼ ਉਸ ਦੇ ਧਰਮ ਦੀ ਵਜ੍ਹਾ ਨਾਲ ਬਣਾਇਆ। ਗੁਰਬੀਰ ਨੇ ਬਰਗਨ ਕਾਊਂਟੀ ਦੀ ਕੋਈ ਮਦਦ ਨਹੀਂ ਕੀਤੀ ਕਿਉਂਕਿ ਉਹ ਪੱਗ ਬੰਨ੍ਹਦੇ ਹਨ। ਮਾਮਲੇ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਸਾਊਦਿਨੋ ਨੇ ਮਾਫ਼ੀ ਮੰਗੀ।

ਉਸ ਨੇ ਅਪਣੇ ਬਿਆਨ 'ਚ ਲਿਖਿਆ ਕਿ,''ਮੈਂ ਬਰਗਨ ਕਾਊਂਟੀ ਦੇ ਲੋਕਾਂ ਤੋਂ ਅਪਣੀ ਟਿਪਣੀ ਲਈ ਮਾਫ਼ੀ ਮੰਗਦਾ ਹਾਂ ।' ਗਵਰਨਰ ਮਰਫ਼ੀ ਨੇ ਕਿਹਾ ਕਿ ਨਸਲੀ ਟਿਪਣੀ 'ਤੇ ਨਫ਼ਰਤ ਭਰੀ ਭਾਸ਼ਾ ਦੀ ਵਰਤੋਂ ਕਰਨ ਵਾਲਾ ਵਿਅਕਤੀ ਸਰਕਾਰੀ ਨੌਕਰੀ ਲਈ ਯੋਗ ਨਹੀਂ। ਫਿਰ ਭਾਵੇਂ ਉਹ ਕੋਈ ਵੀ ਹੋਵੇ। ਇਸ ਮਾਮਲੇ 'ਚ ਗੁਰਬੀਰ ਗਰੇਵਾਲ ਨੇ ਟਵੀਟ ਕੀਤਾ ਕਿ ਜੇਕਰ ਸੱਚਮੁੱਚ ਇਹ ਸਾਊਦਿਨੋ ਦੀ ਆਵਾਜ਼ ਹੈ ਤਾਂ ਉਸ ਨੂੰ ਤੁਰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗਵਰਨਰ ਦੇ ਭਾਸ਼ਨ 'ਤੇ ਕੀਤੀ ਇਹ ਟਿਪਣੀ ਉਚਿਤ ਨਹੀਂ।  (ਏਜੰਸੀਆਂ)