ਜੀਕੇ ਦੇ ਅਕਸ ਨੂੰ ਢਾਅ ਲਾਉਣ ਲਈ ਹੀ ਸ਼ੰਟੀ ਨੇ ਫ਼ਰਜ਼ੀ ਕਾਗਜ਼ਾਤ ਦੇ ਸਹਾਰੇ ਕਰਵਾਇਆ ਮਾਮਲਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਵਾਰਾ ਫ਼ੰਡਾਂ ਵਿਚ ਹੇਰਾਫ਼ੇਰੀ ਕਰਨ ਦਾ ਮਾਮਲਾ 

Manjit Singh GK

ਨਵੀਂ ਦਿੱਲੀ : ਗੁਰਦਵਾਰਾ ਫ਼ੰਡਾਂ ਵਿਚ ਹੇਰਾਫੇਰੀ ਦੇ ਦੋਸ਼ਾਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦਾ ਮਾਮਲਾ ਬੰਦ ਕਰਨ ਲਈ ਦਿੱਲੀ ਪੁਲਿਸ ਵਲੋਂ ਦਾਖ਼ਲ ਕੀਤੀ ਗਈ ਰੀਪੋਰਟ 'ਤੇ ਅੱਜ ਪਟਿਆਲਾ ਹਾਊਸ ਅਦਾਲਤ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਅਦਾਲਤ ਵਿਚ ਅੱਜ ਜੀਕੇ ਦੇ ਵਕੀਲ ਮਨਿੰਦਰ ਸਿੰਘ ਨੇ ਦਲੀਲ ਦਿਤੀ ਕਿ ਗੁਰਮੀਤ ਸਿੰਘ ਸ਼ੰਟੀ ਨੇ ਫ਼ਰਜ਼ੀ ਬੈਂਕ ਰਸੀਦ ਰਾਹੀਂ ਦੋਸ਼ ਲਾਇਆ ਸੀ ਕਿ ਗੁਰਦਵਾਰਾ ਫ਼ੰਡ ਚੋਂ 51 ਲੱਖ ਰੁਪਏ ਦੀ ਰਕਮ ਕੱਢਵਾ ਕੇ, ਜੀ ਕੇ ਨੇ ਐਕਸਿਸ ਬੈਂਕ ਵਿਚ ਜਮ੍ਹਾਂ ਕਰਵਾਈ ਸੇ ਪਰ ਪੜਤਾਲੀਆ ਅਫ਼ਸਰ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਦਫ਼ਤਰ 'ਚੋਂ ਜੋ ਕਾਗਜ਼ਾਤ ਜ਼ਬਤ ਕੀਤੇ ਸਨ, ਉਨ੍ਹਾਂ ਵਿਚ ਤਾਂ ਇਹ ਬੈਂਕ ਰਸੀਦ ਨਿਕਲੀ ਹੀ ਨਹੀਂ।

ਆਖ਼ਰ ਸ਼ੰਟੀ ਇਸ ਬਾਰੇ ਕੋਈ ਜਵਾਬ ਕਿਉਂ ਨਹੀਂ ਦੇ ਰਹੇ ਕਿ ਉਹ ਬੈਂਕ ਰਸੀਦ ਕਿਥੋਂ ਲਿਆਏ ਹਨ? ਇਹ ਮਾਮਲਾ ਸਰਾਸਰ ਜੀਕੇ ਦੇ ਅਕਸ ਨੂੰ ਸੱਟ ਮਾਰਨ ਲਈ ਘੜਿਆ ਗਿਆ ਹੈ। ਚੇਤੇ ਰਹੇ ਬਚਾਅ ਧਿਰ ਦੇ ਵਕੀਲ ਮਨਿੰਦਰ ਸਿੰਘ ਨੇ ਧਾਰਾ 340 ਅਧੀਨ ਇਕ ਅਰਜ਼ੀ ਦਾਖ਼ਲ ਕਰ ਕੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਕਾਗਜ਼ਾਤ ਦੇ ਆਧਾਰ 'ਤੇ ਸ਼ੰਟੀ ਨੇ ਜੀ ਕੇ 'ਤੇ ਦੋਸ਼ ਲਾਏ ਹਨ, ਉਹ ਫ਼ਰਜ਼ੀ ਹਨ, ਇਸ ਲਈ ਸ਼ੰਟੀ 'ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸੇ ਅਰਜ਼ੀ 'ਤੇ ਅੱਜ ਉਨ੍ਹਾਂ ਦਲੀਲਾਂ ਦਿਤੀਆਂ ਪਰ ਬਹਿਸ ਪੂਰੀ ਨਹੀਂ ਹੋਈ।  4 ਮਈ ਨੂੰ ਦੁਪਹਿਰ 12 ਵਜੇ ਮੁੜ ਬਹਿਸ ਹੋਵੇਗੀ ਤੇ ਉਸੇ ਦਿਨ ਸ਼ਾਮ ਨੂੰ ਅਦਾਲਤ ਪੁਲਿਸ ਵਲੋਂ ਮਾਮਲਾ ਬੰਦ ਕਰਨ ਲਈ ਦਾਖ਼ਲ ਕੀਤੀ ਗਈ ਰੀਪੋਰਟ 'ਤੇ ਫ਼ੈਸਲਾ ਸੁਣਾਏਗੀ।