ਦਿੱਲੀ ਕਮੇਟੀ ਵਲੋਂ ਦੋਸ਼ੀਆਂ ਦੇ ਹੱਕ 'ਚ ਖਲੋਣਾ ਸ਼ਰਮਨਾਕ: ਹਰਮੀਤ ਕੌਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਘਿਰੇ ਹੋਏ ਦਿੱਲੀ ਗੁਰਦਵਾਰਾ ਕਮੇਟੀ ਦੇ ਤਿੰਨ ਸੀਨੀਅਰ ਮੁਲਾਜ਼ਮਾਂ...

Harmit Kaur

ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਘਿਰੇ ਹੋਏ ਦਿੱਲੀ ਗੁਰਦਵਾਰਾ ਕਮੇਟੀ ਦੇ ਤਿੰਨ ਸੀਨੀਅਰ ਮੁਲਾਜ਼ਮਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਮੀਤ ਕੌਰ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਤੇ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਵਲੋਂ ਪੀੜਤ ਔਰਤਾਂ ਦੇ ਹੱਕ ਵਿਚ ਆਵਾਜ਼ ਚੁਕਣ ਦੀ ਬਜਾਏ ਦੋਸ਼ੀ ਮੁਲਾਜ਼ਮਾਂ ਦੇ ਹੱਕ ਵਿਚ ਖੜਾ ਹੋਣਾ ਸ਼ਰਮ ਦੀ ਗੱਲ ਹੈ। 

ਉਨ੍ਹਾਂ ਕਿਹਾ ਕਿ ਇਕ ਔਰਤ ਹੋਣ ਦੇ ਬਾਵਜੂਦ ਬੀਬੀ ਰਣਜੀਤ ਕੌਰ ਔਰਤਾਂ ਨਾਲ ਛੇੜਛਾੜ ਦੇ ਮਸਲਿਆਂ ਬਾਰੇ ਸੰਵੇਦਨਸ਼ੀਲ ਨਹੀਂ ਹਨ। ਇਸੇ ਲਈ ਉਹ ਸਾਡੇ ਵਲੋਂ ਦੋਸ਼ੀਆਂ ਵਿਰੁਧ ਕੀਤੇ ਗਏ ਮੁਜ਼ਾਹਰੇ ਦੀ ਹਮਾਇਤ ਕਰਨ ਦੀ ਥਾਂ ਵਿਰੋਧਤਾ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਕਮੇਟੀ ਦਾ ਜਨਰਲ ਮੈਨੇਜਰ ਕਮੇਟੀ ਵਿਚ ਨੌਕਰੀ ਲੈਣ ਲਈ ਆਈ ਬੀਬੀ ਨਾਲ ਛੇੜਛਾਛ ਦੇ ਮਾਮਲੇ ਵਿਚ ਘਿਰਿਆ, ਉਦੋਂ ਵੀ ਬੀਬੀ ਰਣਜੀਤ ਕੌਰ ਪੀੜਤ ਔਰਤ ਨੂੰ ਮਿਲਣ ਦੀ ਥਾਂ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦੇ ਹੱਕ ਵਿਚ ਖੜੀ ਰਹੀ। 

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਅਦਾਲਤ ਵਿਚ ਚਾਰਜਸ਼ੀਟ ਪੇਸ਼ ਹੋਣ ਤੋਂ ਪਹਿਲਾਂ ਹੀ ਔਰਤਾਂ ਨਾਲ ਛੇੜਛਾੜ ਦੇ ਦੋਸ਼ੀਆਂ ਨੂੰ ਨੌਕਰੀ 'ਤੇ ਬਹਾਲ ਕਰ ਦਿਤਾ ਹੈ।ਬੀਬੀ ਵਾਲੀਆ ਨੇ ਕਿਹਾ ਕਿ ਜੇ ਬੀਬੀ ਰਣਜੀਤ ਕੌਰ ਨੂੰ ਮੁਜ਼ਾਹਰੇ ਵਿਚ ਸ਼ਾਮਲ ਬੀਬੀਆਂ ਦੀ ਤਾਦਾਦ ਤੇ ਸਿੱਖ ਹੋਣ ਨੂੰ ਲੈ ਕੇ ਕੋਈ ਸ਼ੱਕ ਹੈ ਤਾਂ ਉਹ ਸੋਸ਼ਲ ਮੀਡੀਆ 'ਤੇ ਫ਼ੋਟੋਆਂ ਦੀ ਘੋਖ ਕਰ ਸਕਦੀ ਹੈ ਕਿ  ਬੀਬੀਆਂ ਦੀ ਕਿੰਨੀ ਗਿਣਤੀ ਸੀ ਤੇ ਉਨ੍ਹਾਂ ਨੂੰ ਮਿਲ ਕੇ ਪਤਾ ਲਾ ਲੈਣ ਕਿ ਉਹ ਸਿੱਖ ਸਨ ਜਾਂ ਕੌਣ। ਇਵੇਂ ਭਰਮ ਦਾ ਸ਼ਿਕਾਰ ਨਾ ਹੋਣ।