ਸ਼ਿਲਾਂਗ: ਸਿੱਖਾਂ 'ਤੇ ਲਟਕ ਰਹੀ ਹੈ ਉਜਾੜੇ ਦੀ ਤਲਵਾਰ
ਸਿੱਖਾਂ ਦੀ ਕਰੋੜਾਂ ਰੁਪਏ ਦੀ ਕੀਮਤ ਵਾਲੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਸ਼ਿਲਾਂਗ ਦਾ ਖ਼ਾਸੀ ਭਾਈਚਾਰਾ...
ਤਰਨਤਾਰਨ: ਸ਼ਿਲਾਂਗ ਦੇ ਸਿੱਖਾਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ। ਸ਼ਿਲਾਂਗ ਦੇ ਸਿੱਖਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਵਫ਼ਦ ਸ਼ਿਲਾਂਗ ਜਾ ਚੁੱਕੇ ਹਨ ਪਰ ਉਥੇ ਹਾਲਾਤ ਬਦਲੇ ਨਹੀਂ। ਉਥੋਂ ਦੇ ਸਿੱਖਾਂ 'ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਵਿਚ ਵਸਦੇ ਸਿੱਖਾਂ ਨੂੰ ਸਥਾਨਕ ਖ਼ਾਸੀ ਭਾਈਚਾਰੇ ਦੇ ਲੋਕ ਉਜਾੜ ਕੇ ਉਨ੍ਹਾਂ ਦੀ ਸੋਨੇ ਦੇ ਭਾਅ ਵਾਲੀ ਜ਼ਮੀਨ 'ਤੇ ਕੌਡੀਆਂ ਦੇ ਮੁਲ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਥੋਂ ਦੀ ਸਰਕਾਰ ਦੇ ਉਪ ਮੁੱਖ ਮੰਤਰੀ ਪ੍ਰਿਸਟਨ ਪਿੰਗ ਟੋਗ ਖ਼ਾਸੀ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਮਾਮਲੇ ਤੇ ਮੁੱਖ ਮੰਤਰੀ ਕੇਨਾਰ ਸੰਗਮਾ ਨੇ ਇਕ ਉਚ ਪਧਰੀ ਕਮੇਟੀ ਬਣਾਈ ਸੀ ਜਿਸ ਦੀ ਅਗਵਾਈ ਪ੍ਰਿਸਟਨ ਪਿੰਗ ਟੋਗ ਕਰਦੇ ਹਨ ਪਰ ਅਫ਼ਸੋਸ ਕਿ ਇਹ ਕਮੇਟੀ ਵੀ ਸਥਾਨਕ ਸਿੱਖਾਂ ਨੂੰ ਨਿਆਂ ਦੇਣ ਲਈ ਸੁਹਿਰਦ ਨਹੀਂ।
ਅੱਜ ਸ਼ਿਲਾਂਗ ਤੋਂ ਸਥਾਨਕ ਨਿਵਾਸੀ ਸੂਰਜ ਸਿੰਘ ਨੇ ਦਸਿਆ ਕਿ ਖ਼ਾਸੀ ਲੋਕਾਂ ਦੀ ਭੜਕੀ ਭੀੜ ਨੇ ਉਸ ਦੇ ਸ਼ੋਅ ਰੂਮ ਨੂੰ ਅੱਗ ਦੇ ਹਵਾਲੇ ਕਰ ਦਿਤਾ ਸੀ। ਉਸ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੈ, ਉਸ ਨੂੰ ਉਜਾੜਨ ਲਈ ਪੂਰੀ ਤਿਆਰੀ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਵੀ ਦੂਜੀ ਧਿਰ ਦੇ ਨਾਲ ਖੜਾ ਹੈ। ਸੂਰਜ ਸਿੰਘ ਨੇ ਦਸਿਆ ਕਿ ਜਿਸ ਕਾਲੋਨੀ ਨੂੰ ਪ੍ਰਸ਼ਾਸਨ ਉਜੜਨਾ ਚਾਹੁੰਦਾ ਹੈ, ਉਥੇ ਕਰੀਬ 350 ਘਰ ਸਿੱਖਾਂ ਦੇ ਹਨ ਜਿਸ ਵਿਚੋਂ ਕਰੀਬ 50 ਘਰਾਂ ਦੇ ਲੋਕ ਸਰਕਾਰੀ ਨੌਕਰੀਆਂ ਕਰਦੇ ਹਨ
ਤੇ ਉਨ੍ਹਾਂ ਨੂੰ ਨਵੀਂ ਥਾਂ ਵਸਾਉਣ ਲਈ ਪ੍ਰਸ਼ਾਸਨ ਕੁਆਰਟਰ ਬਣਾ ਕੇ ਦੇਣ ਨੂੰ ਤਿਆਰ ਹੈ ਪਰ ਦੂਜੇ ਬਾਕੀ 300 ਘਰਾਂ ਜਿਨ੍ਹਾਂ ਵਿਚ ਕਰੀਬ 1500 ਲੋਕ ਵਸਦੇ ਹਨ, ਨੂੰ ਇਨਸਾਫ਼ ਦੇਣ ਲਈ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕ ਰਿਹਾ। ਸੂਰਜ ਸਿੰਘ ਨੇ ਦਸਿਆ ਕਿ ਸਿੱਖ ਸੰਸਥਾਵਾਂ ਦੇ ਆਗੂ ਸਾਡੇ ਕੋਲ ਆਉਂਦੇ ਜ਼ਰੂਰ ਹਨ ਪਰ ਉਹ ਮੁੱਖ ਮੰਤਰੀ ਨਾਲ ਚਾਹ ਪੀ ਕੇ ਬਿਆਨ ਦੇ ਕੇ ਤੁਰ ਜਾਂਦੇ ਹਨ। ਸਾਡੀ ਹਾਲਾਤ ਅਜੇ ਵੀ ਉਵੇਂ ਦੀ ਹੀ ਹੈ।