ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ: ਮੋਟਰਸਾਈਕਲ ਸਵਾਰਾਂ ਦਾ ਜਥਾ ਕੈਨੇਡਾ ਤੋਂ ਪੁੱਜੇਗਾ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

45 ਦਿਨਾਂ ਦੇ 'ਵਰਲਡ ਟੂਰ' ਦੌਰਾਨ ਅਮਰੀਕਾ, ਇੰਗਲੈਂਡ, ਫ਼ਰਾਂਸ, ਯੂਰਪ, ਈਰਾਨ ਅਤੇ ਪਾਕਿ 'ਚ ਹੋਣਗੇ ਪੜਾਅਵਾਰ ਠਹਿਰਾਅ

Canadian motorcycle riders

ਸਰੀ (ਕੈਨੇਡਾ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ 'ਚ ਜਿਥੇ ਪੰਜਾਬ ਸਮੇਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਪ੍ਰਵਾਸ ਕਰਦੀਆਂ ਸਿੱਖ ਸੰਗਤਾਂ 'ਚ ਕਾਫ਼ੀ ਉਤਸ਼ਾਹ ਦੀ ਭਾਵਨਾ ਹੈ, ਉਥੇ ਹੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸ਼ਹਿਰ ਸਰੀ ਦੀ 'ਸਿੱਖ ਮੋਟਰ-ਸਾਈਕਲ ਕਲੱਬ' ਵਲੋਂ ਵੀ 3 ਅਪ੍ਰੈਲ ਤੋਂ ਸਰੀ (ਕੈਨੇਡਾ) ਤੋਂ ਪੰਜਾਬ ਦੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਤਕ ਉਕਤ ਸਮਾਗਮਾਂ ਨੂੰ ਸਮਰਪਤ 6 ਮੋਟਰ-ਸਾਈਕਲਾਂ ਰਾਹੀਂ ਵਰਲਡ ਟੂਰ ਆਯੋਜਤ ਕਰਨ ਦਾ ਸ਼ਲਾਘਾਯੋਗ ਉਪਰਾਲਾ ਵਿੱਢਣ ਦੀ ਰੂਪ ਰੇਖਾ ਉਲੀਕੀ ਗਈ ਹੈ। 

ਉਕਤ ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੰਘ ਸਿੱਧੂ ਅਤੇ ਰਛਪਾਲ ਸਿੰਘ ਨੇ ਇਸ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਉਕਤ ਕਲੱਬ ਦਾ ਛੇ ਮੈਂਬਰੀ ਜਥਾ ਮੋਟਰਸਾਈਕਲਾਂ ਰਾਹੀਂ 3 ਅਪ੍ਰੈਲ ਨੂੰ ਵੈਨਕੂਵਰ ਤੋਂ ਇੰਗਲੈਂਡ, ਫ਼ਰਾਂਸ ਅਤੇ ਯੂਰਪ ਦੇ ਚੋਣਵੇਂ ਦੇਸ਼ਾਂ ਤੋਂ ਹੁੰਦਾ ਹੋਇਆ ਈਰਾਨ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ ਅਤੇ ਲਗਭਗ 45 ਦਿਨਾਂ ਮਗਰੋਂ ਇਹ ਜਥਾ ਵਾਹਗਾ ਸਰਹੱਦ ਰਾਹੀਂ ਭਾਰਤ ਦਾਖ਼ਲ ਹੋ ਕੇ ਸੁਲਤਾਨਪੁਰ ਲੋਧੀ ਪੁੱਜੇਗਾ।

ਉਨ੍ਹਾਂ ਇਹ ਵੀ ਦਸਿਆ ਕਿ ਇਸ ਵਰਲਡ ਟੂਰ ਦੌਰਾਨ ਗੁਰੂ ਨਾਨਕ ਦੇਵ ਦੇ ਸੰਦੇਸ਼ ਨੂੰ ਪ੍ਰਚਾਰਨ ਦਾ ਮਕਸਦ ਵੀ ਪੂਰਾ ਕਰਨ ਦਾ ਯਤਨ ਨਾਲੋਂ ਨਾਲ ਕੀਤਾ ਜਾਵੇਗਾ। ਅਖ਼ੀਰ 'ਚ ਉਨ੍ਹਾਂ ਇਹ ਵੀ ਦਸਿਆ ਕਿ ਇਸ ਟੂਰ ਦਾ ਖ਼ਰਚਾ ਜਥੇ ਦੇ ਮੈਬਰਾਂ ਵਲੋਂ ਆਪ ਕੀਤਾ ਜਾਵੇਗਾ ਅਤੇ ਇਕੱਤਰ ਹੋਣ ਵਾਲੀ ਰਾਸ਼ੀ ਮਾਨਵਤਾ ਦੇ ਭਲੇ ਲਈ ਯਤਨਸ਼ੀਲ 'ਖ਼ਾਲਸਾ ਏਡ' ਨੂੰ ਸੌਂਪੀ ਜਾਵੇਗੀ।