ਪਾਕਿ ਸਰਕਾਰ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਿੱਕਾ ਜਾਰੀ ਕਰੇਗੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

20 ਰੁਪਏ ਦੀ ਡਾਕ ਟਿਕਟ ਵੀ ਕੀਤੀ ਜਾਵੇਗੀ ਜਾਰੀ

Guru Nanak Dev ji

ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਿੱਕਾ ਜਾਰੀ ਕਰ ਰਹੀ ਹੈ। ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦਸਿਆ ਕਿ ਪਾਕਿ ਸਰਕਾਰ ਇਸ ਦਿਹਾੜੇ 'ਤੇ 550 ਰੁਪਏ ਦਾ ਇਕ ਸਿੱਕਾ ਜਾਰੀ ਕਰਨ ਜਾ ਰਹੀ ਹੈ। 

ਉਨ੍ਹਾਂ ਦਸਿਆ ਕਿ ਬਾਬਾ ਨਾਨਕ ਨੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ ਇਸ ਲਈ ਪਾਕਿ ਸਰਕਾਰ 20 ਰੁਪਏ ਦੀ ਇਕ ਡਾਕ ਟਿਕਟ ਵੀ ਜਾਰੀ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਡਾਕ ਟਿਕਟ ਅਤੇ ਸਿੱਕੇ ਤੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਤਸਵੀਰ ਹੋਵੇਗੀ। ਉਨ੍ਹਾਂ ਦਸਿਆ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਇਸ ਬਾਰੇ ਤਫ਼ਸੀਲ ਨਾਲ ਗੱਲਬਾਤ ਹੋ ਚੁਕੀ ਹੈ। ਘੱਟ ਗਿਣਤੀਆਂ ਬਾਰੇ ਮੰਤਰੀ ਪੀਰ ਨੂਰ ਉਲ ਕਾਦਰੀ ਇਸ ਦਿਨ ਨੂੰ ਮਨਾਉਣ ਲਈ ਉਹ ਪਾਕਿਸਤਾਨੀ ਸਿੱਖਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ।

ਉਨ੍ਹਾਂ ਦਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ ਗੁਰਦਵਾਰਾ ਸੱਚਾ ਸੌਦਾ ਵਿਖੇ ਲੰਗਰ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਅਸੀ ਕਰੀਬ ਡੇਢ ਅਰਬ ਰੁਪਏ ਨਾਲ ਗੁਰਦਵਾਰਾ ਸਾਹਿਬਾਨ ਦੀਆਂ ਇਮਾਰਤਾਂ ਦੀ ਦਿਖ ਬਦਲਣ ਜਾ ਰਹੇ ਹਾਂ। ਸ. ਬਿਸ਼ਨ ਸਿੰਘ ਨੇ ਦਸਿਆ ਕਿ ਅਸੀ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਦਾ ਦਿਤਾ ਹੈ। ਉਹ ਕਿਸੇ ਇਕ ਸਮਾਗਮ ਵਿਚ ਜ਼ਰੂਰ ਸ਼ਾਮਲ ਹੋਣਗੇ।