ਗਲਤੀ ਨਾਲ ਗੁਰਬਾਣੀ ਦੀਆ ਸੈਂਚੀਆਂ ਕਬਾੜੀਏ ਨੂੰ ਵੇਚਣ ਦਾ ਮਾਮਲਾ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਸੈਂਚੀਆਂ ਪਿੰਡ ਦੇ ਇਕ ਵਿਅਕਤੀ ਨੇ ਕਬਾੜ ਖਰੀਦਣ ਵਾਲੇ ਵਿਅਕਤੀ ਨੂੰ ਅਣਜਾਣੇ ’ਚ ਵੇਚੀਆਂ ਸਨ...

Punjabi Police

ਚੰਡੀਗੜ੍ਹ : ਇੱਥੋਂ ਨਜ਼ਦੀਕੀ ਪਿੰਡ ਹਰਦਾਸਪੁਰ ਵਿਚ ਇੱਕ ਕਬਾੜੀਏ ਕੋਲੋਂ ਗੁਰਬਾਣੀ ਦੀਆਂ ਸੈਂਚੀਆਂ ਮਿਲਣ ਕਾਰਨ ਪਿੰਡ ’ਚ ਤਣਾਅ ਦਾ ਮਾਹੌਲ ਬਣ ਗਿਆ। ਅੱਜ ਸਵੇਰੇ ਕਮਰੇ ਦੀ ਸਫ਼ਾਈ ਕਰਵਾਉਣ ਗਏ ਤਾਂ ਅੰਦਰ ਪਈਆਂ ਕਿਤਾਬਾਂ ਨੂੰ ਵਿਦਿਆਰਥੀਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਸਮਝ ਕੇ ਕਬਾੜ ਵਾਲੇ ਨੂੰ ਵੇਚ ਦਿੱਤੀਆਂ। ਉਸ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਕਿ ਇਹ ਪੁਸਤਕਾਂ ਧਾਰਮਿਕ ਹਨ ਤੇ ਨਾ ਹੀ ਉਸਨੇ ਕੋਈ ਸ਼ਰਾਰਤ ਕੀਤੀ ਹੈ। ਇਹ ਸੈਂਚੀਆਂ ਪਿੰਡ ਦੇ ਇਕ ਵਿਅਕਤੀ ਨੇ ਕਬਾੜ ਖਰੀਦਣ ਵਾਲੇ ਵਿਅਕਤੀ ਨੂੰ ਅਣਜਾਣੇ ’ਚ ਵੇਚੀਆਂ ਸਨ।

‘ਸ਼ਬਦ’ ਬਾਣੀ ਦੀਆਂ ਸੈਂਚੀਆਂ ਵੇਚਣ ਵਾਲੇ ਗੁਰਮੇਲ ਚੰਦ ਪੁੱਤਰ ਠਾਕੁਰ ਦਾਸ ਨੇ ਦੱਸਿਆ ਕਿ ਉਹ ਆਪਣੇ ਪਿੰਡ ’ਚ ਪਰਵਾਸੀ ਭਾਰਤੀ ਪਰਮਜੀਤ ਸਿੰਘ ਦੇ ਪੀਜੀ ਦੀ ਦੇਖਰੇਖ ਕਰਦਾ ਸੀ। ਇਸ ਪੀਜੀ ਵਿਚ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਰਹਿੰਦੇ ਸਨ ਤੇ ਕੁਝ ਸਮਾਂ ਪਹਿਲਾਂ ਇਕ ਵਿਦਿਆਰਥੀ ਨੇ ਕਮਰਾ ਛੱਡਿਆ ਸੀ। ਪਿੰਡ ਦੇ ਇਕ ਨੌਜਵਾਨ ਨੇ ਲਵਲੀ ਯੂਨੀਵਰਸਿਟੀ ਦੇ ਸਾਹਮਣੇ ਕਬਾੜੀ ਕੋਲ ਪਈਆਂ ਇਹ ਕਿਤਾਬਾਂ ਖਰੀਦ ਕੇ ਆਪਣੇ ਘਰ ਰੱਖ ਲਈਆਂ ਤੇ ਇਸ ਦੀ ਸੂਚਨਾ ਪੰਚਾਇਤ ਮੈਂਬਰਾ ਨੂੰ ਦਿੱਤੀ। ਪਿੰਡ ਦੀ ਪੰਚਾਇਤ ਘਟਨਾ ਦੀ ਸੂਚਨਾ ਫਗਵਾੜਾ ਪੁਲੀਸ ਨੂੰ ਦਿੱਤੀ।

ਸੂਚਨਾ ਮਿਲਣ ’ਤੇ ਐੱਸ.ਪੀ. ਮਨਦੀਪ ਸਿੰਘ, ਐੱਸ.ਡੀ.ਐੱਮ ਜੈਇੰਦਰ, ਤਹਿਸੀਲਦਾਰ ਹਰਕਰਮ ਸਿੰਘ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਮਾਨ, ਡੀ.ਐੱਸ.ਪੀ ਮਨਜੀਤ ਸਿੰਘ, ਐੱਸ.ਐੱਚ.ਓ ਸਦਰ ਮਨਮੋਹਨ ਸਿੰਘ, ਐੱਸ.ਐੱਚ.ਓ ਸਤਨਾਮਪੁਰਾ ਉਂਕਾਰ ਸਿੰਘ ਬਰਾੜ ਮੌਕੇ ’ਤੇ ਪੁੱਜੇ। ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਗੁਰਮੇਲ ਚੰਦ ਅੱਖਾਂ ਤੋਂ ਕਮਜ਼ੋਰ ਹੈ ਅਤੇ ਸ਼ੂਗਰ ਦਾ ਮਰੀਜ਼ ਹੈ। ਉਸ ਕੋਲੋਂ ਅਣਜਾਣੇ ’ਚ ਗ਼ਲਤੀ ਹੋਈ ਹੈ। ਗੁਰਮੇਲ ਚੰਦ ਨੇ ਪਿੰਡ ਦੀ ਪੰਚਾਇਤ ਤੇ ਪੁਲੀਸ ਪ੍ਰਸ਼ਾਸਨ ਤੋਂ ਲਿਖਤੀ ਮੁਆਫ਼ੀ ਮੰਗੀ, ਜਿਸ ਪਿੱਛੋਂ ਮਾਮਲਾ ਸ਼ਾਂਤ ਹੋ ਗਿਆ।

ਦੇਰ ਸ਼ਾਮ ਘਟਨਾ ਦੀ ਖ਼ਬਰ ਸੁਣ ਕੇ ਸਿੱਖ ਜਥੇਬੰਦੀਆਂ ਮੌਕੇ ’ਤੇ ਪੁੱਜੀਆਂ ਅਤੇ ਗੁਰਮੇਲ ਚੰਦ ਕੋਲੋਂ ਜਾਣਕਾਰੀ ਹਾਸਲ ਕੀਤੀ। ਪੁਲੀਸ ਪ੍ਰਸ਼ਾਸਨ ਨੇ ਮੌਕੇ ’ਤੇ ਪੁੱਜ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਗੁਰਮੇਲ ਚੰਦ ਨੇ ਅਣਜਾਣੇ ’ਚ ਗ਼ਲਤੀ ਕੀਤੀ ਹੈ ਤੇ ਉਹ ਸੰਗਤ ਨਾਲ ਬੈਠ ਕੇ ਇਸ ਸਬੰਧੀ ਗੱਲਬਾਤ ਕਰਨਗੇ।